ਭੁਵਨੇਸ਼ਵਰ – ਭਾਰਤੀ ਮੌਸਮ ਵਿਭਾਗ (IMD) ਨੇ ‘ਆਸਾਨੀ’ ਚੱਕਰਵਾਤੀ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ, ਚੱਕਰਵਾਤ ਦੇ ਅਗਲੇ 24 ਘੰਟਿਆਂ ਦੌਰਾਨ ਉੱਤਰ-ਪੱਛਮ ਵੱਲ ਵਧਣ ਅਤੇ ਪੂਰਬੀ-ਮੱਧ ਬੰਗਾਲ ਦੀ ਖਾੜੀ ਵਿੱਚ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਓਡੀਸ਼ਾ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਨਿਕੋਬਾਰ ਤੋਂ ਲਗਭਗ 170 ਕਿਲੋਮੀਟਰ ਪੱਛਮ ਵਿੱਚ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਇੱਕ ਚੱਕਰਵਾਤ ਬਣ ਗਿਆ ਹੈ ਅਤੇ ਐਤਵਾਰ ਤੱਕ ਇੱਕ ਚੱਕਰਵਾਤੀ ਤੂਫ਼ਾਨ ਵਿੱਚ ਤੇਜ਼ ਹੋਣ ਦੀ ਸੰਭਾਵਨਾ ਹੈ।
ਸੀਨੀਅਰ ਵਿਗਿਆਨੀ ਉਮਾਸ਼ੰਕਰ ਦਾਸ ਨੇ ਕਿਹਾ ਕਿ ਡੀਪ ਡਿਪਰੇਸ਼ਨ ‘ਅਸਾਨੀ’ ਨਾਂ ਦੇ ਚੱਕਰਵਾਤੀ ਤੂਫਾਨ ‘ਚ ਬਦਲ ਗਿਆ ਹੈ। ਇਹ 16 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਤਰ-ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ। ਇਹ ਦੱਖਣ-ਪੂਰਬੀ ਦਿਸ਼ਾ ਵਿੱਚ ਵਿਸ਼ਾਖਾਪਟਨਮ ਤੋਂ 970 ਕਿਲੋਮੀਟਰ ਅਤੇ ਪੁਰੀ ਤੋਂ ਦੱਖਣ-ਪੂਰਬ ਦਿਸ਼ਾ ਵਿੱਚ 1,020 ਕਿਲੋਮੀਟਰ ਦੀ ਦੂਰੀ ‘ਤੇ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ 10 ਮਈ ਦੀ ਸ਼ਾਮ ਤੱਕ ਇਹ ਉੱਤਰ-ਪੱਛਮ ਦਿਸ਼ਾ ਵੱਲ ਵਧੇਗਾ। ਹਾਲਾਂਕਿ, ਵਿਗਿਆਨੀ ਨੇ ਲੈਂਡਫਾਲ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਦੁਬਾਰਾ ਓਡੀਸ਼ਾ ਤੱਟ ਦੇ ਸਮਾਨਾਂਤਰ ਅੱਗੇ ਵਧੇਗਾ।
ਦਾਸ ਨੇ 10 ਮਈ ਦੀ ਸ਼ਾਮ ਤਕ ਮੀਂਹ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 10 ਮਈ ਦੀ ਸ਼ਾਮ ਨੂੰ ਉੜੀਸਾ ਦੇ 3 ਜ਼ਿਲ੍ਹਿਆਂ ਗਜਪਤੀ, ਗੰਜਮ ਅਤੇ ਪੁਰੀ ਵਿੱਚ ਭਾਰੀ ਬਾਰਿਸ਼ ਸ਼ੁਰੂ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ 11 ਮਈ ਨੂੰ 5 ਜ਼ਿਲ੍ਹਿਆਂ ਜਗਤਸਿੰਘਪੁਰ, ਪੁਰੀ, ਖੁਰਦਾ, ਕਟਕ ਅਤੇ ਗੰਜਮ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਸਮ ਦੇ ਉਲਟ, ਆਈਐਮਡੀ ਨੇ ਵਿਦਰਭ ਵਿੱਚ 8 ਤੋਂ 12 ਮਈ, ਪੱਛਮੀ ਰਾਜਸਥਾਨ ਵਿੱਚ 8 ਤੋਂ 12 ਮਈ, ਦੱਖਣੀ ਹਰਿਆਣਾ ਅਤੇ ਪੂਰਬੀ ਰਾਜਸਥਾਨ ਵਿੱਚ 9 ਤੋਂ 12 ਮਈ ਦੌਰਾਨ ਵੱਖ-ਵੱਖ ਥਾਵਾਂ ‘ਤੇ ਹੀਟਵੇਵ ਦੀ ਭਵਿੱਖਬਾਣੀ ਕੀਤੀ ਹੈ। ਅੱਜ ਪੱਛਮੀ ਮੱਧ ਪ੍ਰਦੇਸ਼ ਅਤੇ 9 ਮਈ ਨੂੰ ਦੱਖਣੀ ਪੰਜਾਬ ਅਤੇ ਜੰਮੂ ਡਵੀਜ਼ਨ ਵਿੱਚ 10 ਤੋਂ 12 ਮਈ ਦੌਰਾਨ ਗਰਮੀ ਪੈਣ ਦੀ ਸੰਭਾਵਨਾ ਹੈ।
