ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 30 ਸਤੰਬਰ ਤੋਂ 3 ਅਕਤੂਬਰ ਤੱਕ ਭਾਰਤ ਦੇ ਅਧਿਕਾਰਤ ਦੌਰੇ ‘ਤੇ ਹੋਣਗੇ। ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ ਅਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਪਹਿਲੀ ਦੁਵੱਲੀ ਯਾਤਰਾ ਵੀ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਹੋਲਨੇਸ ਬਹੁਪੱਖੀ ਬੈਠਕਾਂ ਦੌਰਾਨ ਕਈ ਵਾਰ ਮਿਲ ਚੁੱਕੇ ਹਨ। ਦੌਰੇ ਦੌਰਾਨ, ਹੋਲਨੇਸ ਪ੍ਰਧਾਨ ਮੰਤਰੀ ਮੋਦੀ ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ, ਹੋਲਨੇਸ ਨੂੰ ਹੋਰ ਪਤਵੰਤਿਆਂ ਨੂੰ ਮਿਲਣ ਅਤੇ ਵਪਾਰ ਅਤੇ ਉਦਯੋਗ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ। ਦੱਸ ਦਈਏ ਕਿ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਅਤੇ ਜਮਾਇਕਾ ਵਿਚਾਲੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਮਜ਼ਬੂਤ ਹਨ, ਜੋ ਉਨ੍ਹਾਂ ਦੇ ਸਾਂਝੇ ਬਸਤੀਵਾਦੀ ਅਤੀਤ, ਲੋਕਤੰਤਰ ਅਤੇ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਅਤੇ ਕ੍ਰਿਕਟ ਪ੍ਰਤੀ ਜਨੂੰਨ ਤੋਂ ਝਲਕਦੇ ਹਨ।