ਬਰਲਿਨ – ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਦੀ ਸੈਂਟਰ ਲੈਫਟ ਸੋਸ਼ਲ ਡੈਮੋਕਰੈਟਸ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਦੀ ਪਾਰਟੀ ਤੀਜੇ ਸਥਾਨ ’ਤੇ ਰਹੀ ਹੈ। ਵਿਰੋਧੀ ਧਿਰ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਫਰੈਡਰਿਕ ਮਰਜ਼ ਨੇ ਐਤਵਾਰ ਨੂੰ ਹੋਈਆਂ ਕੌਮੀ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ ਜਦੋਂ ਕਿ ਅਲਟਰਨੇਟਿਵ ਫਾਰ ਜਰਮਨੀ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੱਜੇ-ਪੱਖੀ ਪਾਰਟੀ ਲਈ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਵਿੱਚ ਆਪਣੀ ਹਮਾਇਤ ਦੁੱਗਣੀ ਕੀਤੀ ਹੈ।
ਮਰਜ਼ ਨੇ ਕਿਹਾ ਕਿ ਉਹ ਈਸਟਰ ਤੱਕ ਗੱਠਜੋੜ ਸਰਕਾਰ ਬਣਾਉਣ ਦੀ ਉਮੀਦ ਕਰਦੇ ਹਨ, ਪਰ ਇਹ ਬਹੁਤ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ। ਮਰਜ਼ ਨੇ ਚੋਣ ਨਤੀਜਿਆਂ ਦੇ ਰੁਝਾਨਾਂ ਮਗਰੋਂ ਆਪਣੇ ਹਮਾਇਤੀਆਂ ਨੂੰ ਕਿਹਾ, ‘ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮੈਂ ਇਸ ਕੰਮ ਦੇ ਪੈਮਾਨੇ ਤੋਂ ਵੀ ਜਾਣੂ ਹਾਂ ਜੋ ਹੁਣ ਸਾਡੇ ਸਾਹਮਣੇ ਹੈ। ਮੈਂ ਇਸ ਨੂੰ ਬਹੁਤ ਸਤਿਕਾਰ ਨਾਲ ਲੈਂਦਾ ਹਾਂ, ਅਤੇ ਮੈਨੂੰ ਪਤਾ ਹੈ ਕਿ ਇਹ ਆਸਾਨ ਨਹੀਂ ਹੋਵੇਗਾ।
ਚਾਂਸਲਰ ਓਲਫ ਸ਼ੁਲਜ਼ ਨੇ ਲੋਕਾਂ ਦੇ ਫ਼ਤਵੇ ਨੂੰ ‘ਕੌੜਾ ਚੋਣ ਨਤੀਜਾ’ ਦਸਦਿਆਂ ਆਪਣੀ ਪਾਰਟੀ ਸੈਂਟਰ-ਲੈਫਟ ਸੋਸ਼ਲ ਡੈਮੋਕਰੈਟਸ ਲਈ ਹਾਰ ਮੰਨ ਲਈ। ਏਆਰਡੀ ਅਤੇ ਜ਼ੈੱਡਡੀਐਫ ਪਬਲਿਕ ਟੈਲੀਵਿਜ਼ਨ ਲਈ ਦਿਖਾਏ ਰੁਝਾਨਾਂ ਵਿਚ ਉਨ੍ਹਾਂ ਦੀ ਪਾਰਟੀ ਆਲਮੀ ਜੰਗ ਤੋਂ ਬਾਅਦ ਸੰਸਦੀ ਚੋਣਾਂ ਵਿੱਚ ਸਭ ਤੋਂ ਮਾੜੇ ਨਤੀਜੇ ਨਾਲ ਤੀਜੇ ਸਥਾਨ ’ਤੇ ਰਹੀ ਹੈ।
ਜਰਮਨੀ ਵਿਚ ਸੰਸਦੀ ਚੋਣਾਂ ਨਿਰਧਾਰਿਤ ਸਮੇਂ ਤੋਂ ਸੱਤ ਮਹੀਨੇ ਪਹਿਲਾਂ ਹੋਈਆਂ ਹਨ ਕਿਉਂਕਿ ਸ਼ੁਲਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨਵੰਬਰ ਵਿੱਚ ਡਿੱਗ ਗਈ ਸੀ। ਜਰਮਨੀ 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਨਾਟੋ ਦਾ ਇੱਕ ਪ੍ਰਮੁੱਖ ਮੈਂਬਰ ਹੈ। ਇਹ ਅਮਰੀਕਾ ਤੋਂ ਬਾਅਦ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਰਿਹਾ ਹੈ।
ਐਗਜ਼ਿਟ ਪੋਲ ਅਤੇ ਅੰਸ਼ਕ ਗਿਣਤੀ ਦੇ ਆਧਾਰ ’ਤੇ ਕੀਤੇ ਗਏ ਅਨੁਮਾਨਾਂ ਵਿੱਚ, ਮਰਜ਼ ਦੇ ਯੂਨੀਅਨ ਬਲਾਕ ਨੂੰ ਕਰੀਬ 28.5 ਫੀਸਦ ਅਤੇ ਇਮੀਗ੍ਰੇਸ਼ਨ ਵਿਰੋਧੀ ਅਲਟਰਨੇਟਿਵ ਫਾਰ ਜਰਮਨੀ, ਜਾਂ ਏਐਫਡੀ ਨੂੰ 20.5 ਪ੍ਰਤੀਸ਼ਤ ਸਮਰਥਨ ਮਿਲਿਆ ਹੈ, ਜੋ 2021 ਨਾਲੋਂ ਲਗਪਗ ਦੁੱਗਣਾ ਹੈ। ਸ਼ੁਲਜ਼ ਦੀ ਪਾਰਟੀ ਸੈਂਟਰ ਲੈਫਟ ਸੋਸ਼ਲ ਡੈਮੋਕਰੈਟਸ 12 ਫੀਸਦ ਦੇ ਅੰਕੜੇ ਨਾਲ ਤੀਜੇ ਸਥਾਨ ’ਤੇ ਹੈ।