ਦੁਬਈ – ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਖ਼ਿਲਾਫ਼ ਕੁਝ ਦਿਨ ਪਹਿਲਾਂ ਖਤਮ ਹੋਈ ਪੰਜ ਦਿਨਾਂ ਮੈਚਾਂ ਦਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਪਿੱਛੇ ਛੱਡ ਕੇ ਆਈਸੀਸੀ ਦਾ ਅਗਸਤ ਦਾ ਸਭ ਤੋਂ ਵਧੀਆ ਪੁਰਸ਼ ਖਿਡਾਰੀ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਮਹਿਲਾ ਵਰਗ ’ਚ ਆਇਰਲੈਂਡ ਦੀ ਆਲ ਰਾਊਂਡਰ ਏਮੀਅਰ ਰਿਚਰਡਸਨ ਨੂੰ ਇਸ ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ ਹੈ। ਰੂਟ ਨੇ ਅਗਸਤ ’ਚ ਭਾਰਤ ਖ਼ਿਲਾਫ਼ ਤਿੰਨ ਟੈਸਟ ਮੈਚਾਂ ’ਚ 507 ਦੌੜਾਂ ਬਣਾਈਆਂ, ਜਿਸ ’ਚ ਤਿੰਨ ਸੈਂਕੜੇ ਵੀ ਸ਼ਾਮਲ ਸਨ। ਇਸ ਪ੍ਰਦਰਸ਼ਨ ਕਾਰਨ ਉਹ ਆਈਸੀਸੀ ਟੈਸਟ ਮੈਚਾਂ ਦੇ ਬੱਲੇਬਾਜ਼ਾਂ ਦੀ ਸੂਚੀ ’ਚ ਪਹਿਲੇ ਸਥਾਨ ’ਤੇ ਪੁੱਜ ਗਏ ਹਨ। ਪੰਜ ਟੈਸਟ ਮੈਚਾਂ ਦੀ ਲੜੀ ਉਸ ਸਮੇਂ ਸਮਾਪਤ ਹੋ ਗਈ ਜਦੋਂ ਭਾਰਤ ਟੀਮ ’ਚ ਕੋਵਿਡ-19 ਮਾਮਲਿਆਂ ਕਾਰਨ ਆਖਰੀ ਟੈਸਟ ਮੈਚ ਰੱਦ ਕਰਨਾ ਪਿਆ। ਦੱਖਣੀ ਅਫਰੀਕਾ ਦੇ ਸਾਬਕਾ ਆਲ ਰਾਊਂਡਰ ਜੇਪੀ ਡੁਮਿਨੀ ਨੇ ਕਿਹਾ ਕਿ ਮੈਂ ਪ੍ਰਭਾਵਿਤ ਹਾਂ ਕਿ ਕਪਤਾਨ ਦੇ ਰੂਪ ’ਚ ਜ਼ਿੰਮੇਵਾਰੀਆਂ ਵਿਚਕਾਰ ਉਨ੍ਹਾਂ ਨੇ ਅੱਗੇ ਵੱਧ ਕੇ ਬੱਲੇਬਾਜ਼ੀ ਕੀਤੀ ਤੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣੇ। ਏਮੀਅਰ ਨੇ ਆਪਣੀ ਟੀਮ ਦੀ ਸਾਥੀ ਖਿਡਾਰੀ ਗੈਬੀ ਲੁਈਸ ਤੇ ਥਾਈਲੈਂਡ ਦੀ ਨਤਾਇਆ ਬੂਚੇਥਮ ਨੂੰ ਪਿੱਛੇ ਛੱਡਿਆ।