ਆਰਲਿੰਗਟਨ – ਅਮਰੀਕਾ ਦੇ ਮਹਾਨ ਮੁੱਕੇਬਾਜ਼ ਮਾਈਕ ਟਾਇਸਨ ਨੇ ਲਗਭਗ 20 ਸਾਲਾਂ ਬਾਅਦ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਵਾਪਸੀ ਕੀਤੀ ਹੈ। ਹਾਲਾਂਕਿ, ਉਸਦੀ ਵਾਪਸੀ ਯਾਦਗਾਰੀ ਨਹੀਂ ਰਹੀ। ਉਸ ਨੂੰ ਜੈਕ ਪਾਲ ਦੇ ਖਿਲਾਫ ਮਹਾਮੁਕਾਬਲੇ ‘ਚ 74-78 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੱਜਾਂ ਨੇ ਸਰਬਸੰਮਤੀ ਨਾਲ ਜੈਕ ਨੂੰ ਜੇਤੂ ਐਲਾਨ ਦਿੱਤਾ। ਟਾਇਸਨ ਪਹਿਲੇ ਦੋ ਗੇੜਾਂ ਵਿੱਚ ਅੱਗੇ ਸੀ, ਪਰ ਉਹ ਬਾਕੀ ਛੇ ਗੇੜਾਂ ਵਿੱਚ ਪਛੜ ਗਿਆ। ਜੇਕ ਅਤੇ ਟਾਇਸਨ ਦੀ ਉਮਰ ਵਿੱਚ 30 ਸਾਲ ਦਾ ਅੰਤਰ ਹੈ। 58 ਸਾਲ ਦੇ ਹੋਣ ਦੇ ਬਾਵਜੂਦ ਟਾਇਸਨ ਨੇ ਅੰਤ ਤੱਕ ਹਾਰ ਨਹੀਂ ਮੰਨੀ।ਜੇਕਰ ਦੇਖਿਆ ਜਾਵੇ ਤਾਂ ਮਾਈਕ ਟਾਇਸਨ ਦੇ ਪੇਸ਼ੇਵਰ ਮੁੱਕੇਬਾਜ਼ੀ ਕਰੀਅਰ ਦੀ ਇਹ ਸੱਤਵੀਂ ਹਾਰ ਸੀ। ਇਸ ਤੋਂ ਪਹਿਲਾਂ ਟਾਇਸਨ ਨੇ ਆਪਣਾ ਆਖਰੀ ਪੇਸ਼ੇਵਰ ਮੈਚ ਸਾਲ 2005 ‘ਚ ਕੇਵਿਨ ਮੈਕਬ੍ਰਾਈਡ ਖਿਲਾਫ ਖੇਡਿਆ ਸੀ, ਜਿਸ ‘ਚ ਉਹ ਵੀ ਹਾਰ ਗਏ ਸਨ। ਟਾਇਸਨ ਅਤੇ ਜੈੱਕ ਪਾਲ ਵਿਚਕਾਰ ਮੈਚ 16 ਨਵੰਬਰ (ਸ਼ਨੀਵਾਰ) ਨੂੰ ਆਰਲਿੰਗਟਨ (ਅਮਰੀਕਾ) ਦੇ ਏਟੀਐਂਡਟੀ ਸਟੇਡੀਅਮ ਵਿੱਚ ਸੀ।ਮਾਈਕ ਟਾਇਸਨ ਅਤੇ ਜੈਕ ਪਾਲ ਵਿਚਾਲੇ ਇਹ ਹੈਵੀਵੇਟ ਮੈਚ ਅੱਠ ਰਾਊਂਡਾਂ ਦਾ ਸੀ। ਮਾਈਕ ਟਾਇਸਨ ਨੇ ਪਹਿਲਾ ਦੌਰ 10-9 ਨਾਲ ਜਿੱਤਿਆ। ਦੂਜੇ ਦੌਰ ਵਿੱਚ ਵੀ ਉਸ ਨੇ 10-9 ਨਾਲ ਜਿੱਤ ਦਰਜ ਕੀਤੀ। ਜੈਕ ਪਾਲ ਨੇ ਤੀਜੇ ਦੌਰ ਵਿੱਚ ਵਾਪਸੀ ਕੀਤੀ ਅਤੇ ਕੁਝ ਠੋਸ ਪੰਚ ਲਾਏ। ਜੇਕ ਪਾਲ ਨੇ ਤੀਜਾ ਦੌਰ 10-9 ਨਾਲ ਜਿੱਤਿਆ। ਫਿਰ ਚੌਥਾ ਰਾਊਂਡ ਵੀ 10-9 ਨਾਲ ਪਾਲ ਦੇ ਹੱਕ ਵਿੱਚ ਰਿਹਾ। ਚੌਥੇ ਦੌਰ ਤੋਂ ਬਾਅਦ ਸਕੋਰ ਬਰਾਬਰ (38-38) ਰਿਹਾ।ਪੰਜਵੇਂ ਗੇੜ ਵਿੱਚ, ਮਾਈਕ ਟਾਇਸਨ ਨੂੰ ਪਾਲ ਦੇ ਓਵਰਹੈਂਡ ਪੰਚ ਦੁਆਰਾ ਮੂੰਹ ਵਿੱਚ ਜ਼ੋਰਦਾਰ ਸੱਟ ਲੱਗੀ, ਜਿਸ ਨਾਲ ਉਸਦੀ ਗਤੀ ਪੂਰੀ ਤਰ੍ਹਾਂ ਟੁੱਟ ਗਈ। ਜੇਕ ਪਾਲ ਨੇ ਪੰਜਵਾਂ ਰਾਊਂਡ ਜਿੱਤ ਕੇ ਮੈਚ ਵਿੱਚ ਬੜ੍ਹਤ ਬਣਾ ਲਈ। ਫਿਰ ਪਾਲ ਨੇ ਛੇਵਾਂ, ਸੱਤਵਾਂ ਅਤੇ ਅੱਠਵਾਂ ਰਾਊਂਡ ਵੀ ਜਿੱਤਿਆ। ਮਾਈਕ ਟਾਇਸਨ ਨੂੰ ਇਸ ਮੈਚ ਤੋਂ 20 ਮਿਲੀਅਨ ਡਾਲਰ (ਕਰੀਬ 169 ਕਰੋੜ ਰੁਪਏ) ਮਿਲੇ ਹਨ। ਜਦੋਂ ਕਿ ਉਨ੍ਹਾਂ ਦੇ ਵਿਰੋਧੀ ਜੈਕ ਪਾਲ ਨੂੰ ਕਥਿਤ ਤੌਰ ‘ਤੇ 40 ਮਿਲੀਅਨ ਡਾਲਰ (ਕਰੀਬ 338 ਕਰੋੜ ਰੁਪਏ) ਮਿਲੇ ਹਨ।