ਲੰਡਨ – ਟਾਇਟੈਨਿਕ ਦੇ ਸੈਂਕੜੇ ਲੋਕਾਂ ਨੂੰ ਬਚਾਉਣ ਵਾਲੇ ਕੈਪਟਨ ਨੂੰ ਤੋਹਫ਼ੇ ਵਿਚ ਦਿੱਤੀ ਗਈ ਇਕ ਪਾਕੇਟ ਘੜੀ 1.56 ਮਿਲੀਅਨ ਪੌਂਡ (16,64,12,532 ਰੁਪਏ) ਵਿਚ ਵਿਕੀ। ਇਹ ਘੜੀ ਜੋ ਕਦੀ ਕਾਰਪੇਥੀਆ ਜਹਾਜ਼ ਦੇ ਕੈਪਟਨ ਆਰਥਰ ਰੋਸਟ੍ਰਾਨ ਦੀ ਸੀ, ਉਸਨੂੰ ਅਮਰੀਕਾ ਦੇ ਇਕ ਨਿੱਜੀ ਸੰਗ੍ਰਹਿਕਰਤਾ ਨੇ ਹੈਨਰੀ ਐਲਡਿ੍ਰਜ ਐਂਡ ਸੰਨ ਵੱਲੋਂ ਕਰਵਾਈ ਨਿਲਾਮੀ ਵਿਚ ਖ਼ਰੀਦਿਆ। ਇਹ ਟਾਇਟੈਨਿਕ ਦੀਆਂ ਯਾਦਗਾਰ ਚੀਜ਼ਾਂ ਲਈ ਹੁਣ ਤੱਕ ਦੀ ਸਭ ਤੋਂ ਵੱਧ ਕੀਮਤ ਹੈ। ਇਸਨੇ ਅਪ੍ਰੈਲ ਵਿਚ ਬਣਾਏ ਗਏ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜਦੋਂ ਟਾਇਟੈਨਿਕ ਯਾਤਰੀ ਜੌਨ ਜੈਕਬ ਐਸਟੋਰ ਦੀ ਇਕ ਸੋਨੇ ਦੀ ਪਾਕੇਟ ਘੜੀ 1.175 ਮਿਲੀਅਨ ਪੌਂਡ ਵਿਚ ਵਿਕੀ ਸੀ।ਵਿਕਰੀ ਦੀ ਪੁਸ਼ਟੀ ਕਰਦੇ ਹੋਏ ਹੈਨਰੀ ਐਲਡਿ੍ਰਜ ਐਂਡ ਸੰਨ ਲਿਮਟਿਡ ਨੇ ਕਿਹਾ, ਇਹ ਵਿਲੱਖਣ ਦਿਨ ਹੈ। ਅੱਜ ਦੀ ਨਿਲਾਮੀ ਦਾ ਮੁੱਖ ਆਕਰਸ਼ਣ ਟਿਫਨੀ ਘੜੀ ਦੀ ਵਿਕਰੀ ਸੀ, ਇਹ 1.56 ਮਿਲੀਅਨ ਪੌਂਡ ਵਿਚ ਵਿਕੀ। ਕੈਪਟਨ ਰੋਸਟ੍ਰਾਨ ਨੂੰ 18 ਕੈਰੇਟ ਦੀ ਟਿਫਨੀ ਐਂਡ ਕੰਪਨੀ ਦੀ ਘੜੀ ਤਿੰਨ ਔਰਤਾਂ ਤੋਂ ਮਿਲੀ ਸੀ, ਜਿਨ੍ਹਾਂ ਨੂੰ ਉਨ੍ਹਾਂ ਬਚਾਇਆ ਸੀ। ਰੋਸਟ੍ਰਾਨ ਦੀ ਕਮਾਨ ਵਿਚ ਕਾਰਪੇਥੀਆ ਨੇ ਟਾਇਟੈਨਿਕ ਦੀਆਂ ਲਾਈਫਬੋਟਸ ਤੋਂ 700 ਲੋਕਾਂ ਨੂੰ ਬਚਾਇਆ ਸੀ। ਨਿਲਾਮੀਕਰਤਾ ਐਂਡਰਿਊ ਐਲਡਿ੍ਰਜ ਨੇ ਕਿਹਾ, ਇਹ ਮੁੱਖ ਰੂਪ ਨਾਲ ਉਨ੍ਹਾਂ ਲੋਕਾਂ ਦੀ ਜਾਨ ਬਚਾਉਣ ਵਿਚ ਰੋਸਟ੍ਰਾਨ ਦੀ ਬਹਾਦਰੀ ਲਈ ਧੰਨਵਾਦ ਵਿਚ ਪੇਸ਼ ਕੀਤੀ ਗਈ ਸੀ।