ਇਸਲਾਮਾਬਾਦ – ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸੋਮਵਾਰ ਨੂੰ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਸ ਖ਼ਿਲਾਫ਼ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੂੰ ਆਪਣੀ ਜ਼ਮੀਨ ਦਾ ਇਸਤੇਮਾਲ ਕਨਰ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਦਾ ਇਹ ਬਿਆਨ ਉਨਾਂ ਖ਼ਬਰਾਂ ਦੌਰਾਨ ਆਇਆ ਹੈ ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਤਾਲਿਬਾਨ ਦਾ ਕਾਬੁਲ ‘ਤੇ ਕਬਜ਼ਾ ਹੋਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਕਈ ਕੱਟੜ ਟੀਟੀਪੀ ਅੱਤਵਾਦੀਆਂ ਨੂੰ ਛੱਡ ਦਿੱਤਾ ਗਿਆ ਹੈ। ਟੀਟੀਪੀ ਨੂੰ ਆਮ ਤੌਰ ‘ਤੇ ਪਾਕਿਸਤਾਨੀ ਤਾਲਿਬਾਨ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਨੇੜੇ ਸਥਿਤ ਇਹ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਹੈ। ਉਸ ਨੇ ਤਾਲਿਬਾਨ ‘ਚ ਕਈ ਵੱਡੇ ਅੱਤਵਾਦੀ ਹਮਲੇ ਕੀਤੇ ਹਨ। ਦੋਸ਼ ਹੈ ਕਿ ਉਹ ਅਜਿਹੇ ਅੱਤਵਾਦੀ ਹਮਲਿਆਂ ਲਈ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਦਾ ਰਿਹਾ ਹੈ।
ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਖ਼ਬਰਾਂ ‘ਤੇ ਧਿਆਨ ਦਿੱਤਾ ਹੈ ਕਿ ਅਫ਼ਗਾਨ ਤਾਲਿਬਾਨ ਨੇ ਕੁਝ ਟੀਟੀਪੀ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ‘ਚ ਉਸ ਦਾ ਪ੍ਰਮੁੱਖ ਕਮਾਂਡਰ ਮੌਲਵੀ ਫਕੀਰ ਮੁਹੰਮਦ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਸ ਮੁੱਦੇ ‘ਤੇ ਤਾਲਿਬਾਨ ਨਾਲ ਸੰਪਰਕ ‘ਚ ਹੈ।
ਉਨ੍ਹਾਂ ਕਿਹਾ ਕਿ ਸਬੰਧਤ (ਅਫ਼ਗਾਨ) ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਲੋਕਾਂ ਨੂੰ ਕੰਟਰੋਲ ਕਰਨ ਜਿਹੜੇ ਪਾਕਿਸਤਾਨ ‘ਚ ਅੱਤਵਾਦੀ ਘਟਨਾਵਾਂ ‘ਚ ਸ਼ਾਮਲ ਰਹੇ ਹਨ। ਅਫ਼ਗਾਨ ਤਾਲਿਬਾਨ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਟੀਟੀਪੀ ਨੂੰ ਕਿਸੇ ਵੀ ਸਥਿਤੀ ‘ਚ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਖ਼ਬਰਾਂ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਟੀਟੀਪੀ ਨਾਲ ਜੁੜੇ ਵਾਂਟੇਡ ਅੱਤਵਾਦੀਆਂ ਦੀ ਸੂਚੀ ਅਫ਼ਗਾਨ ਸਰਕਾਰ ਨੂੰ ਸੌਂਪੀ ਹੈ, ਜਿਹੜੇ ਹੁਣ ਵੀ ਅਫ਼ਗਾਨਿਸਤਾਨ ‘ਚ ਸਰਗਰਮ ਹਨ।