ਨਿਊਯਾਰਕ – ਅਮਰੀਕਾ ਦੇ ਟੈਕਸਾਸ ਦੇ ਰੈਂਡੋਲਫ ਨੇੜੇ ਐਤਵਾਰ ਨੂੰ ਵਾਪਰੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਂਧਰਾ ਪ੍ਰਦੇਸ਼ ਦੇ 3 ਲੋਕਾਂ ਸਮੇਤ 5 ਭਾਰਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ (ਡੀ.ਪੀ.ਐੱਸ.) ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸਾਊਥ ਬੈਨਹੈਮ ਤੋਂ 10 ਕਿਲੋਮੀਟਰ ਦੂਰ (ਅਮਰੀਕੀ ਸਮੇਂ ਮੁਤਾਬਕ) ਸ਼ਾਮ ਕਰੀਬ 6.45 ਵਜੇ ਵਾਪਰੀ। ਮੀਡੀਆ ਰਿਪੋਰਟ ਅਨੁਸਾਰ 2 ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। 3 ਤੇਲੁਗੂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮਿ੍ਰਤਕਾਂ ਦੀ ਪਛਾਣ ਗੁਡੂਰ ਕਸਬੇ ਦੇ ਤਿਰੁਮੁਰੂ ਗੋਪੀ, ਸ਼੍ਰੀਕਾਲਹਸਤੀ ਦੇ ਰਜਨੀ ਸਿਵਾ ਅਤੇ ਹਰਿਤਾ ਵਜੋਂ ਹੋਈ ਹੈ। ਇਹ ਸਾਰੇ ਆਂਧਰਾ ਪ੍ਰਦੇਸ਼ ਦੇ ਚਿਤੌੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਥੇ ਹੀ ਹਰਿਤਾ ਦਾ ਪਤੀ ਸਾਈਂ ਚੇਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ।
