International

ਟੌਰੰਟੋ ਦੇ ਮਕਾਨ ਮਾਲਕਾਂ ਲਈ ਵੱਡੀ ਖ਼ਬਰ, ਵੱਧ ਸਕਦੈ ਪ੍ਰੌਪਰਟੀ ਟੈਕਸ

ਟੋਰੰਟੋ – ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੌਰੰਟੋ ਵਿੱਚ ਮਕਾਨ ਮਾਲਕਾਂ ਨੂੰ ਜਲਦੀ ਹੀ ਦੋਹਰੇ ਅੰਕਾਂ ਵਿੱਚ ਜਾਇਦਾਦ ਟੈਕਸ ਦੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਟੌਰੰਟੋ ਲੱਗਭਗ 1.8 ਬਿਲੀਅਨ ਡਾਲਰ ਓਪਰੇਟਿੰਗ ਬਜਟ ਦੀ ਘਾਟ ਨਾਲ ਜੂਝ ਰਿਹਾ ਹੈ। ਸ਼ਹਿਰ ਦੇ ਸਟਾਫ਼ ਨੇ ਮੇਅਰ ਓਲੀਵੀਆ ਚੋਅ ਦੇ ਕਾਰਜ ਕਾਲ ਦਾ ਪਹਿਲਾ ਪ੍ਰਸਤਾਵਿਤ ਬਜਟ ਜਾਰੀ ਕੀਤਾ, ਜਿਸ ਵਿੱਚ 10.5 ਫ਼ੀਸਦੀ ਪ੍ਰੌਪਰਟੀ ਟੈਕਸ ਵਾਧਾ ਸ਼ਾਮਲ ਹੈ, ਜੋ ਕਿ ਸ਼ਹਿਰ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਵੱਡੇ ਟੈਕਸ ਵਾਧੇ ਵਿੱਚੋਂ ਇੱਕ ਹੈ। 2024 ਦੇ ਪ੍ਰਸਤਾਵਿਤ ਬਜਟ ਵਿੱਚ ਪ੍ਰੌਪਰਟੀ ਟੈਕਸ ਵਿੱਚ 9 ਫ਼ੀਸਦੀ ਦੇ ਵਾਧੇ ਦੇ ਨਾਲ-ਨਾਲ ਹੀ ਸਿਟੀ ਬਿਲਡਿੰਗ ਫ਼ੰਡ ਵਿੱਚ 1.5 ਫ਼ੀਸਦੀ ਦਾ ਵਾਧਾ ਸ਼ਾਮਲ ਹੈ। ਬਜਟ ਚੀਫ਼ ਸ਼ੈਲੀ ਕੈਰੋਲ ਦੇ ਅਨੁਸਾਰ ਇਸਦਾ ਮਤਲਬ ਟੌਰੰਟ ਵਿੱਚ ਔਸਤ ਪਰਿਵਾਰ ਲਈ ਪ੍ਰਤੀ ਸਾਲ ਲੱਗਭਗ 360 ਡਾਲਰ ਦਾ ਵਾਧਾ ਹੋ ਸਕਦਾ ਹੈ।
ਮੇਅਰ ਓਲੀਵੀਆ ਚੋਅ ਨੇ ਇੱਕ ਨਿਊਜ਼ ਕਾਨਫ਼ਰੰਸ ਵਿੱਚ ਕਿਹਾ ਕਿ ਸਾਡੀਆਂ ਸੜਕਾਂ ਟੁੱਟ ਰਹੀਆਂ ਹਨ ਅਤੇ ਸਾਡੇ ਜਨਤਕ ਆਵਾਜਾਈ ਨੂੰ ਗੰਭੀਰ ਸੁਧਾਰਾਂ ਦੀ ਲੋੜ ਹੈ। ਹਜ਼ਾਰਾਂ ਲੋਕ ਸ਼ੈਲਟਰਾਂ, ਪਾਰਕਾਂ ਅਤੇ ਸੜਕਾਂ ’ਤੇ ਸੌਂ ਰਹੇ ਹਨ। ਸ਼ਹਿਰ ਬੁਨਿਆਦੀ ਚੀਜ਼ਾਂ ਪ੍ਰਦਾਨ ਕਰਨ ਵਿੱਚ ਅਸਫ਼ਲ ਹੋ ਰਿਹਾ ਹੈ । ਸਾਨੂੰ ਸ਼ਹਿਰ ਨੂੰ ਮੁੜ ਲੀਹ ’ਤੇ ਲਿਆਉਣਾ ਪਵੇਗਾ ਅਤੇ ਸਾਨੂੰ ਟੁੱਟੀਆਂ ਚੀਜ਼ਾਂ ਅਤੇ ਵਿੱਤੀ ਗੜਬੜੀਆਂ ਨੂੰ ਠੀਕ ਕਰਨਾ ਪਵੇਗਾ। ਬਜਟ ਮੁਖੀ ਸ਼ੈਲੀ ਕੈਰੋਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੂਡੋ ਸਰਕਾਰ ਨੇ 26 ਜਨਵਰੀ ਤਕ ਸ਼ਹਿਰ ਨੂੰ ਰਿਹਾਇਸ਼, ਬੇਘਰਾਂ ਅਤੇ ਸ਼ਰਨਾਰਥੀਆਂ ਦੀ ਮਦਦ ਲਈ ਵਾਧੂ 250 ਮਿਲੀਅਨ ਡਾਲਰ ਨਹੀਂ ਦਿੱਤੇ ਤਾਂ ਇਹ ਵਾਧਾ 16.5 ਫ਼ੀਸਦੀ ਤਕ ਵੱਧ ਸਕਦਾ ਹੈ। ਇਹ ਇੱਕ ਚੁਣੌਤੀਪੂਰਨ ਵਿੱਤੀ ਸਾਲ ਹੋਣ ਵਾਲਾ ਹੈ।
ਹਾਲਾਂਕਿ, ਚਾਉ ਨੇ ਵਾਅਦਾ ਕੀਤਾ ਕਿ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਟੈਲੀਫ਼ੋਨ ਟਾਊਨ ਹਾਲ ਅਤੇ ਹੋਰ ਸਲਾਹ-ਮਸ਼ਵਰੇ ਅੰਤਿਮ ਬਜਟ ਨੂੰ ਪ੍ਰਭਾਵਿਤ ਕਰਨਗੇ। ਚਾਉ ਨੇ ਕਿਹਾ, ‘‘ਇਹ ਸਟਾਫ਼ ਬਜਟ ਹੈ। ਤੁਸੀਂ 1 ਫ਼ਰਵਰੀ ਨੂੰ ਮੇਰਾ ਬਜਟ ਦੇਖੋਗੇ, ਮੈਨੂੰ ਲੱਗਦਾ ਹੈ ਕਿ ਟੌਰੰਟੋ ਦੇ ਲੋਕਾਂ ਨੂੰ ਸੁਣਨਾ ਮਹੱਤਵਪੂਰਨ ਹੈ ਅਤੇ ਮੈਂ ਉਨ੍ਹਾਂ ਦੇ ਭਾਗ ਲੈਣ ਦੀ ਉਮੀਦ ਕਰਦੀ ਹਾਂ।’’
ਫ਼ੋਰਡ ਸਰਕਾਰ ਵਲੋਂ ਟੌਰੰਟੋ ਨੂੰ ਸੌਂਪੀਆਂ ਗਈਆਂ ਮਜ਼ਬੂਤ ਮੇਅਰ ਸ਼ਕਤੀਆਂ ਚੋਅ ਨੂੰ ਟੋਰਾਂਟੋ ਦੇ ਬਜਟ ਦੀ ਯੋਜਨਾ ਬਣਾਉਣ ਅਤੇ ਲਿਖਣ ਦੇ ਯੋਗ ਬਣਾਉਂਦੀਆਂ ਹਨ। ਨਵੇਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਕੌਂਸਲ ਦੇ ਮੁੱਖੀ ਕੋਲ ਆਪਣਾ ਬਜਟ ਪ੍ਰਸਤਾਵਿਤ ਕਰਨ ਲਈ 1 ਫ਼ਰਵਰੀ ਤਕ ਦਾ ਸਮਾਂ ਹੈ, ਜਿਸ ਨੂੰ ਬਾਅਦ ਵਿੱਚ ਕੌਂਸਲ ਨਾਲ ਸਾਂਝਾ ਕੀਤਾ ਜਾਵੇਗਾ। ਕਾਨੂੰਨ ਕੌਂਸਲ ਨੂੰ ਤਬਦੀਲੀਆਂ ਦਾ ਸੁਝਾਅ ਦੇਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨੂੰ ਮੇਅਰ ਵੀਟੋ ਕਰ ਸਕਦਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin