ਬਗਦਾਦ – ਇਰਾਕ ਦੇ ਪ੍ਰਧਾਨ ਮੰਤਰੀ ਨਿਵਾਸ ‘ਤੇ ਐਤਵਾਰ ਨੂੰ ਤੜਕੇ ਹੋਏ ਡਰੋਨ ਹਮਲੇ ‘ਚ ਪੀਐੱਮ ਮੁਸਤਫਾ ਅਲ ਕਦੀਮੀ ਮਸਾਂ ਬਚੇ, ਜਦਕਿ ਸੱਤ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਫਿਲਹਾਲ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਮਲੇ ਦੇ ਤੁਰੰਤ ਬਾਅਦ ਕਦੀਮੀ ਨੇ ਟਵੀਟ ਕੀਤਾ, ‘ਮੈਂ ਠੀਕ ਹਾਂ ਤੇ ਆਪਣੇ ਲੋਕਾਂ ਦੇ ਵਿਚਕਾਰ ਹਾਂ। ਉੱਪਰ ਵਾਲੇ ਦਾ ਸ਼ੁਕਰਗੁਜ਼ਾਰ ਹਾਂ।’ ਬਾਅਦ ‘ਚ ਉਨ੍ਹਾਂ ਇਰਾਕੀ ਟੈਲੀਵਿਜ਼ਨ ‘ਤੇ ਕਿਹਾ, ‘ਰਾਕਟ ਤੇ ਡਰੋਨ ਨਾਲ ਕੀਤੇ ਕਾਇਰਾਨਾ ਹਮਲੇ ਨਾਲ ਨਾ ਤਾਂ ਦੇਸ਼ ਬਣਦਾ ਹੈ ਤੇ ਨਾ ਹੀ ਭਵਿੱਖ।’ ਉਨ੍ਹਾਂ ਇਰਾਕ ਦੀਆਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ। ਹਮਲੇ ਤੋਂ ਬਾਅਦ ਕਦੀਮੀ ਨੇ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਰਾਇਟਰ ਮੁਤਾਬਕ ਹਮਲੇ ‘ਚ ਤਿੰਨ ਡਰੋਨ ਦੀ ਵਰਤੋਂ ਕੀਤੀ ਗਈ। ਦੋ ਡਰੋਨ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ, ਜਦਕਿ ਧਮਾਕਾਖੇਜ਼ ਲੱਦੇ ਤੀਜੇ ਡਰੋਨ ਨੇ ਹਮਲੇ ਨੂੰ ਅੰਜਾਮ ਦਿੱਤਾ। ਇਸ ਬੇਹੱਦ ਸੁਰੱਖਿਅਤ ‘ਗ੍ਰੀਨ ਜ਼ੋਨ’ ਵਿਚ ਵਿਦੇਸ਼ੀ ਦੂਤਘਰ ਤੇ ਸਰਕਾਰੀ ਦਫ਼ਤਰ ਵੀ ਹਨ।ਇਰਾਕ ਦੀ ਸੰਸਦੀ ਚੋਣ ਨਤੀਜੇ ਨੂੰ ਸ਼ੀਆ ਮਿਲਿਸ਼ੀਆ ਨੇ ਖ਼ਾਰਜ ਕਰ ਦਿੱਤਾ ਹੈ ਤੇ ਲਗਪਗ ਇਕ ਮਹੀਨੇ ਤੋਂ ‘ਗ੍ਰੀਨ ਜ਼ੋਨ’ ਦੇ ਬਾਹਰ ਡੇਰਾ ਲਾਈ ਬੈਠੇ ਹਨ। ਸ਼ੁੱਕਰਵਾਰ ਨੂੰ ਮੁਜ਼ਾਹਰੇ ਦੌਰਾਨ ਹੋਈ ਗੋਲ਼ੀਬਾਰੀ ‘ਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ। ਕਦੀਮੀ ਨੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਈਰਾਨ ਸਮਰਥਿਤ ਮਿਲਿਸ਼ੀਆ ਗੁਟਾਂ ਨੇ ਇਸ ਸੰਘਰਸ਼ ਲਈ ਕਦੀਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।