![](http://indotimes.com.au/wp-content/uploads/2024/11/Sukhpal-Singh-Gill-150x150.jpg)
ਅਬਿਆਣਾਂ ਕਲਾਂ
ਬੰਦੇ ਵਿਚਲੇ ਗੁਣ ਉਸ ਦੀ ਹਰ ਥਾਂ ਤੇ ਕਦਰ ਕਰਵਾਉਂਦੇ ਹਨ। ਪੰਜਾਹ ਸਾਲ ਪਹਿਲੇ ਜੇ ਇਸ ਕਦਰ ਔਰਤ ਸਮਾਜ ਦੇ ਵੱਖ ਵੱਖ ਪਹਿਲੂਆਂ ਤੇ ਆਪਣੀ ਕਦਰ ਬਣਾਵੇ ਤਾਂ ਇਸ ਤੋਂ ਵੱਡਾ ਸੁਨਹਿਰੀ ਪੰਨਾ ਨਹੀਂ ਲਿਖਿਆ ਜਾ ਸਕਦਾ। ਇਸ ਪ੍ਰਸੰਗ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਨਾਮ ਆਉਂਦਾ ਹੈ। ਸਮਾਜਿਕ ਕਦਰਾਂ ਕੀਮਤਾਂ, ਸੱਭਿਆਚਾਰ ਦੀ ਤਸਵੀਰ, ਸੱਭਿਅਤਾ ਦੀ ਗਵਾਹ ਅਤੇ ਸੂਰਤ ਦਾ ਸਿਰਨਾਵਾਂ ਸਾਂਭੀ ਬੈਠੀ ਇਸ ਔਰਤ ਨੇ ਗਾਇਕੀ ਦੀ ਤਸਵੀਰ ਅਤੇ ਤਸੀਰ ਨੂੰ ਇੱਕ ਅਲੱਗ ਵੰਨਗੀ ਵਾਲਾ ਬਿੰਬ ਦਿੱਤਾ। ਸਮੁੰਦਰ ਰੂਪੀ ਪੰਜਾਬੀ ਸੱਭਿਆਚਾਰ ਨੂੰ ਸੰਖੇਪਤਾ ਵਿੱਚ ਪ੍ਰਗਟ ਕਰ ਕੇ ਬੁੱਧੀਮਾਨੀ ਵਾਲਾ ਰੁੱਤਬਾ ਵੀ ਪਾਇਆ। ਇਸ ਦੇ ਗੀਤਾਂ ਵਿੱਚ ਗੂੜ੍ਹੇ ਅਤੇ ਸਾਫ਼ ਰੰਗ ਹੀ ਦਿਖਦੇ ਹਨ, ਘਸਮੈਲੇ ਨਹੀਂ। ਤਤਕਾਲੀ ਦੌਰ ਵਿੱਚ ਗੀਤ, ਸੰਗੀਤ ਅਤੇ ਸੱਭਿਆਚਾਰ ਨੂੰ ਪੁੰਗਾਰਿਆ ਅਤੇ ਸ਼ੰਗਾਰਿਆ। ਔਖੀ ਘੜੀ ਇਹ ਸੀ ਕਿ ਔਰਤ ਪਰਦੇ ਪਿੱਛੇ ਸੀ। ਇਸ ਮਾਣਮੱਤੀ ਧੀ ਨੇ ਦੱਸ ਦਿੱਤਾ ਕਿ”ਮਰਦ ਕੋਲ ਦਿ੍ਸ਼ਟੀ ਹੈ, ਪਰ ਔਰਤ ਕੋਲ ਅੰਤਰ ਦਿ੍ਸ਼ਟੀ ਹੈ”ਅੱਜ ਲਈ ਤਾਂ ਉਸ ਦੇ ਗੀਤ ਹੋਰ ਵੀ ਮਾਰਗਦਰਸ਼ਕ ਹਨ। ਭਟਕਿਆ ਅਤੇ ਗੑਸਿਆ ਸੱਭਿਆਚਾਰ ਅੱਜ ਸੁਰਿੰਦਰ ਕੌਰ ਨੂੰ ਆਵਾਜ਼ ਮਾਰਦਾ ਹੈ। ਪੰਜਾਬੀ ਜ਼ਬਾਨ ਦਾ ਦਰਪਣ ਬਣੀ ਇਹ ਗਾਇਕਾ ਅੰਦਰੋਂ ਖੁੱਭ ਕੇ ਸੱਭਿਆਚਾਰ ਨੂੰ ਨਿਹਾਰਦੀ ਅਤੇ ਨਿਖਾਰਦੀ ਸੀ। ਅੱਜ ਤੱਕ ਇਸ ਦੀਆਂ ਪਾਈਆਂ ਪੈਂੜਾਂ ਆਪਣਾ ਬਦਲ ਤਲਾਸ਼ਦੀਆਂ ਹਨ।