ਜੰਮੂ – ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ ਭਾਰਤ ਤੇ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੇ ਨੇੜੇ ਪਹੁੰਚ ਗਏ ਸਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਕਾਲ ਵਿੱਚ ਪਹਿਲਾਂ ਵਾਲੀ ਸਥਿਤੀ ਵਾਪਸ ਆਉਣ ਦੀ ਉਮੀਦ ਨਹੀਂ ਹੈ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਡਾ. ਮਨਮੋਹਨ ਸਿੰਘ ਅਤੇ ਚਾਰ ਹੋਰ ਸਾਬਕਾ ਵਿਧਾਇਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਅਬਦੁੱਲਾ ਨੇ ਮਨਮੋਹਨ ਸਿੰਘ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਉਜਾੜੇ ਗਏ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਵਿਹਾਰਕ ਕਦਮ ਚੁੱਕੇ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਅੱਜ ਵੀ ਪ੍ਰਸੰਗਿਕ ਹਨ। ਮੁੱਖ-ਮੰਤਰੀ ਨੇ ਕਿਹਾ, ‘‘ਪਿਛਲੇ ਵਿਧਾਨ ਸਭਾ ਸੈਸ਼ਨ (ਸ੍ਰੀਨਗਰ ਵਿੱਚ) ਵਿੱਚ ਸਾਡੇ ਕੋਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਇੱਕ ਲੰਬੀ ਸੂਚੀ ਸੀ ਅਤੇ ਹੁਣ ਚਾਰ ਮਹੀਨਿਆਂ ਬਾਅਦ ਸਾਡੇ ਕੋਲ ਇੱਕ ਹੋਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਇੱਕ ਛੋਟੀ ਸੂਚੀ ਹੈ, ਜਿਨ੍ਹਾਂ ਨੇ ਦੇਸ਼ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਵਿਧਾਨ ਸਭਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਮੰਤਰੀ ਸਈਦ ਗੁਲਾਮ ਹੁਸੈਨ ਗਿਲਾਨੀ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਮਨਹਾਸ ਅਤੇ ਸਾਬਕਾ ਵਿਧਾਇਕ ਗੁਲਾਮ ਹਸਨ ਪੈਰੇ ਅਤੇ ਚੌਧਰੀ ਪਿਆਰਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ, ਜਿਨ੍ਹਾਂ ਦਾ ਨਵੰਬਰ ਵਿੱਚ ਪਿਛਲੇ ਵਿਧਾਨ ਸਭਾ ਸੈਸ਼ਨ ਮਗਰੋਂ ਦੇਹਾਂਤ ਹੋ ਗਿਆ ਸੀ। ਉਪ-ਰਾਜਪਾਲ ਮਨੋਜ ਸਿਨਹਾ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਸਪੀਕਰ ਅਬਦੁਲ ਰਹੀਮ ਰਾਠੇਰ ਨੇ ਇੱਕ ਸ਼ੋਕ ਮਤਾ ਪੇਸ਼ ਕੀਤਾ। ਸ਼ਾਮ ਲਾਲ ਸ਼ਰਮਾ (ਭਾਜਪਾ), ਜੀ ਏ ਮੀਰ (ਕਾਂਗਰਸ) ਅਤੇ ਐੱਮ ਵਾਈ ਤਰੀਗਾਮੀ (ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸਮੇਤ ਕਈ ਮੈਂਬਰਾਂ ਨੇ ਵੀ ਸਦਨ ਵਿੱਚ ਆਪਣੀ ਗੱਲ ਰੱਖੀ।