India Punjab

ਡੱਲੇਵਾਲ ਨੂੰ ਕੁੱਝ ਹੋਇਆ ਤਾਂ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ – ਪੰਧੇਰ

ਕਿਸਾਨ ਆਗੂ ਸਵਰਨ ਸਿੰਘ ਪੰਧੇਰ ਪਟਿਆਲਾ ਦੇ ਸ਼ੰਭੂ ਬਾਰਡਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। (ਫੋਟੋ: ਏ ਐਨ ਆਈ)

ਚੰਡੀਗੜ੍ਹ – ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਕਿਸਾਨਾਂ ਦੇ ਮੋਰਚੇ ਜਾਰੀ ਹਨ ਅਤੇ ਅੱਜ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ਉਪਰ ਬਾਰਡਰਾਂ ਤੋਂ ਇਲਾਵਾ ਪੰਜਾਬ ਭਰ ਵਿਚ ਸੰਘਰਸ਼ ਦੀ ਕਾਮਯਾਬੀ ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤੇ ਉਨ੍ਹਾਂ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਅਰਦਾਸ ਦਿਵਸ ਮਨਾਇਆ।

ਹਰਿਆਣਾ ਵਿਚ ਵੀ ਕਈ ਥਾਈਂ ਗੁਰਦਵਾਰਾ ਸਾਹਿਬਾਨ, ਮੰਦਰਾਂ ਅਤੇ ਹੋਰ ਧਾਰਮਕ ਸਥਾਨਾਂ ਵਿਚ ਅਰਦਾਸ ਦਿਵਸ ਮਨਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ। ਕਿਸਾਨ ਆਗੂਆਂ ਨੇ ਦਸਿਆ ਕਿ ਰਾਜ ਭਰ ਵਿਚ ਜਿਸ ਤਰ੍ਹਾਂ ਹਰ ਥਾਂ ਅਰਦਾਸ ਦਿਵਸ ਮਨਾਇਆ ਗਿਆ ਉਸ ਤੋਂ ਸਪੱਸ਼ਟ ਹੈ ਕਿ ਆਮ ਲੋਕ ਵੀ ਸੰਘਰਸ਼ ਨਾਲ ਜੁੜੇ ਹੋਏ ਹਲ। ਕਿਸਾਨ ਮੋਰਚੇ ਦੇ ਆਗੂਆਂ ਨੇ 13 ਦਸੰਬਰ ਨੂੰ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿਚ ਇਕ ਦਿਨ ਲਈ ਸ਼ਾਮ ਵੇਲੇ ਚੁੱਲ੍ਹੇ ਨਾ ਬਾਲ ਕੇ ਭੁੱਖ ਹੜਤਾਲ ਰੱਖਣ ਦਾ ਸੱਦਾ ਦਿਤਾ ਹੈ। ਇਸੇ ਦੌਰਾਨ ਖ਼ਬਰ ਮਿਲੀ ਹੈ ਕਿ ਹੁਣ ਹਰਿਆਣਾ ਸਰਕਾਰ ਨੇ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਰੋਕ ਲਾਉਣੀ ਸ਼ੁਰੂ ਕਰ ਦਿਤੀ ਹੈ। ਮੋਰਚੇ ਵਿਚ ਸ਼ਾਮਲ ਕਈ ਆਗੂਆ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਖਾਤੇ ਬੰਦ ਕੀਤੇ ਗਏ ਹਨ।

ਖਨੌਰੀ ਬਾਰਡਰ ਉਪਰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਹੁਣ ਕਾਫ਼ੀ ਚਿੰਤਾਜਨਕ ਹੋ ਚੁੱਕੀ ਹੈ। ਡਾ. ਸਵੈਮਾਨ ਦੀ ਟੀਮ ਨਾਲ ਸਬੰਧਤ ਡਾਕਟਰਾਂ ਦੀ ਟੀਮ ਹਰ ਛੇ ਘੰਟੇ ਬਾਅਦ ਉਨ੍ਹਾਂ ਦਾ ਚੈੱਕਅੱਪ ਕਰ ਰਹੀ ਹੈ। ਟੀਮ ਦੇ ਮੁਖੀ ਡਾ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ 11 ਕਿਲੋ ਤੋਂ ਜ਼ਿਆਦਾ ਘੱਟਣ ਕਾਰਨ ਉਨ੍ਹਾਂ ਦੀ ਸਿਹਤ ਪੱਖੋਂ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਦਸਿਆ ਕਿ ਬੀਪੀ ਤੇ ਪਲਸ ਵਿਚ ਲਗਾਤਾਰ ਉਤਰਾਅ ਚੜ੍ਹਾਅ ਆ ਰਿਹਾ ਹੈ। ਡੱਲੇਵਾਲ ਹੁਣ ਪਾਣੀ ਵੀ ਘੱਟ ਪੀ ਰਹੇ ਹਨ ਅਤੇ ਉਨ੍ਹਾਂ ਦੀ ਕਿਡਨੀ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਅੱਜ ਸਰਕਾਰੀ ਡਾਕਟਰਾਂ ਦੀ ਟੀਮ ਵੀ ਡੱਲੇਵਾਲ ਦਾ ਚੈਕਅੱਪ ਕਰਨ ਆਈ ਪਰ ਕਿਸਾਨਾਂ ਨੇ ਇਹ ਨਹੀਂ ਹੋਣ ਦਿਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਕੀਤੇ ਟੈਸਟ ਸਰਕਾਰੀ ਡਾਕਟਰ ਜਨਤਕ ਕਰਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਮੋਰਚੇ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੀ ਹੈ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਗੰਭੀਰ ਨਹੀਂ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠੇ ਡੱਲੇਵਾਲ ਦੀ ਹਾਲਤ ਕਾਫ਼ੀ ਨਾਜ਼ੁਕ ਬਣ ਚੁੱਕੀ ਹੈ ਅਤੇ ਜੇ ਉਨ੍ਹਾਂ ਨੂੰ ਕੁੱਝ ਹੋਇਆ ਤਾਂ ਇਸ ਤੋਂ ਪੈਦਾ ਹੋਣ ਵਾਲੀ ਕਿਸ ਵੀ ਅਣਸੁਖਾਵੀਂ ਸਥਿਤੀ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਮੋਰਚਾ ਮੰਗਾਂ ਦੀ ਪ੍ਰਾਪਤੀ ਤਕ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ।

Related posts

ਬੀਕੇਯੂ ਡਕੌਂਦਾ ਵੱਲੋਂ ਸਾਉਣੀ ਫ਼ਸਲ ਫੰਡ ਮੁਹਿੰਮ ਸ਼ੁਰੂ: ਨਾਨਕ ਸਿੰਘ ਅਮਲਾ ਸਿੰਘ ਵਾਲਾ 

admin

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 4ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin

ਤ੍ਰਿਪੁਰਾ ਦੀ ਧਰਤੀ ‘ਤੇ ਸੀਬਾ ਦੇ ਗੱਭਰੂਆਂ ਨੇ ਪਾਈਆਂ ਧਮਾਲਾਂ !

admin