ਕਾਬੁਲ – ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸਰਕਾਰ ਗਠਨ ਤੋਂ ਪਹਿਲਾਂ ਤਾਲਿਬਾਨੀ ਬੁਲਾਰੇ ਸੁਹੈਲ ਸ਼ਾਹੀਨ ਨੇ ਸੰਸਕ੍ਰਿਤੀ ਨੂੰ ਲੈ ਕੇ ਅਮਰੀਕਾ ਨੂੰ ਚਿਤਾਵਨੀ ਹੈ। ਉਨ੍ਹਾਂ ਔਰਤਾਂ ਦੇ ਹਿਜਾਬ ਪਾਉਣ ਸਬੰਧੀ ਪੱਛਮ ਦੇ ਨਜ਼ਰੀਏ ਦਾ ਸਖ਼ਤ ਵਿਰੋਧ ਕੀਤਾ ਹੈ। ਤਾਲਿਬਾਨ ਬੁਲਾਰੇ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ‘ਚ ਅਮਰੀਕਾ ਤੇ ਪੱਛਮੀ ਦੇਸ਼ ਦਖ਼ਲ ਨਾ ਦੇਣ। ਤਾਲਿਬਾਨ ਦੇ ਇਸ ਬਿਆਨ ਤੋਂ ਬਾਅਦ ਅਫ਼ਗਾਨਿਸਤਾਨ ‘ਚ ਔਰਤਾਂ ਦੇ ਅਧਿਕਾਰਾਂ ਸਬੰਧੀ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਵਧ ਗਈਆਂ ਹਨ। ਤਾਲਿਬਾਨ ਬੁਲਾਰੇ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਤੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਦੁਨੀਆ ਦੀ ਚਿੰਤਾ ਇਸਲਈ ਹੈ ਕਿਉਂਕਿ ਪਹਿਲਾਂ ਦੇ ਸ਼ਾਸਨ ਦੀਆਂ ਯਾਦਾਂ ਲੋਕਾਂ ਦੇ ਜ਼ਿਹਨ ‘ਚ ਬਾਕੀ ਹਨ। ਤਾਲਿਬਾਨ ਬੁਲਾਰੇ ਨੇ ਕਿਹਾ ਕਿ ਔਰਤਾਂ ਦੇ ਹੱਕ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਵੇਗੀ। ਅਫ਼ਗਾਨਿਸਤਾਨ ‘ਚ ਔਰਤਾਂ ਦੀ ਸਿੱਖਿਆ ਜਾਂ ਉਨ੍ਹਾਂ ਦੇ ਕੰਮ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਨੂੰ ਇਕ-ਦੂਸਰੇ ਦੀ ਸੰਸਕ੍ਰਿਤੀ ਦਾ ਸਨਮਾਨ ਕਰਨਾ ਚਾਹੀਦਾ ਹੈ। ਬੁਲਾਰੇ ਨੇ ਕਿਹਾ ਕਿ ਸਾਨੂੰ ਇਕ-ਦੂਸਰੇ ਦੀ ਸੰਸਕ੍ਰਿਤੀ ‘ਚ ਦਖ਼ਲ ਦੇਣ ਜਾਂ ਬਦਲਣ ਦਾ ਯਤਨ ਨਹੀਂ ਕਰਨਾ ਚਾਹੀਦਾ। ਸ਼ਾਹੀਨ ਨੇ ਕਿਹਾ ਕਿ ਅਸੀਂ ਆਪਣੀ ਸੰਸਕ੍ਰਿਤੀ ਬਦਲਣ ਦਾ ਕੋਈ ਇਰਾਦਾ ਨਹੀਂ ਰੱਖਦੇ। ਅਮਰੀਕਾ ਤੇ ਹੋਰਨਾ ਦੇਸ਼ਾਂ ਨੂੰ ਸਾਡੀ ਸੰਸਕ੍ਰਿਤੀ ਨਹੀਂ ਬਦਲਣੀ ਚਾਹੀਦੀ। ਬੁਲਾਰੇ ਨੇ ਅਮਰੀਕੀ ਫ਼ੌਜੀਆਂ ਦੀ ਵਾਪਸੀ ਨੂੰ ਦੇਸ਼ ਦੇ ਇਤਿਹਾਸ ‘ਚ ਇਕ ਅਧਿਆਏ ਦਾ ਅੰਤ ਦੱਸਿਆ।