ਕਾਬੁਲ – ਤਾਲਿਬਾਨ ਸ਼ਾਸਨ ਨੇ ਅਫ਼ਗਾਨਿਸਤਾਨ ਨੂੰ ਭਾਰਤ ਵਿਰੋਧੀ ਸਰਗਰਮੀਆਂ ਵਿਚ ਇਸਤੇਮਾਲ ਕੀਤੇ ਜਾਣ ਦੀ ਭਾਰਤ ਦੀ ਚਿੰਤਾ ਨੂੰ ਆਖਰਕਾਰ ਸਹੀ ਸਾਬਤ ਕਰ ਦਿੱਤਾ ਹੈ। ਖ਼ਤਰਨਾਕ ਅੱਤਵਾਦੀ ਸੰਗਠਨ ਨੇ ਸਰਕਾਰ ਗਠਨ ਤੋਂ ਪਹਿਲਾਂ ਹੀ ਕਿਹਾ ਕਿ ਉਸ ਨੂੰ ਕਸ਼ਮੀਰ ਵਿਚ ਮੁਸਲਮਾਨਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਣ ਦਾ ਪੂਰਾ ਅਧਿਕਾਰ ਹੈ। ਉਸ ਨੇ ਪੂਰੇ ਵਿਸ਼ਵ ਦੇ ਮੁਸਲਮਾਨਾਂ ਦੇ ਮੁੱਦਿਆਂ ਨੂੰ ਚੁੱਕਣ ਦੀ ਗੱਲ ਕਹੀ ਹੈ। ਉਸ ਨੇ ਖੁੱਲ੍ਹੇਆਮ ਚੀਨ ਨੂੰ ਆਪਣਾ ਮੁੱਖ ਜੋੜੀਦਾਰ ਦੱਸਦੇ ਹੋਏ ਕਿਹਾ ਕਿ ਬੀਜਿੰਗ ਵਿਸ਼ਵ ਬਾਜ਼ਾਰ ਵਿਚ ਪ੍ਰਵੇਸ਼ ਲਈ ਉਸ ਦਾ ਟਿਕਟ ਬਣੇਗਾ। ਨਾਲ ਹੀ ਸਿਲਕ ਰੋਡ ਦੀ ਵੀ ਖੁੱਲ੍ਹ ਕੇ ਹਮਾਇਤ ਕੀਤੀ ਹੈ।
ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਦੋਹਾ ਵਿਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਸੰਗਠਨ ਨੂੰ ਕਸ਼ਮੀਰ ਸਮੇਤ ਕਿਤੇ ਵੀ ਮੁਸਲਮਾਨਾਂ ਲਈ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਜਦਕਿ ਬੀਬੀਸੀ ਉਰਦੂ ਨਾਲ ਜ਼ੂਮ ਇੰਟਰਵਿਊ ਵਿਚ ਸ਼ਾਹੀਨ ਨੇ ਇਹ ਵੀ ਕਿਹਾ ਤਾਲਿਬਾਨ ਦੀ ਕਿਸੇ ਦੇਸ਼ ਦੇ ਖ਼ਿਲਾਫ਼ ਹਥਿਆਰ ਚੁੱਕਣ ਦੀ ਨੀਤੀ ਨਹੀਂ ਹੈ। ਸ਼ਾਹੀਨ ਨੇ ਕਿਹਾ, ਮੁਸਲਮਾਨ ਹੋਣ ਦੇ ਨਾਤੇ, ਸਾਨੂੰ ਕਸ਼ਮੀਰ ਜਾਂ ਕਿਸੇ ਹੋਰ ਦੇਸ਼ ਵਿਚ ਮੁਸਲਮਾਨਾਂ ਲਈ ਆਪਣੀ ਆਵਾਜ਼ ਚੁੱਕਣ ਦਾ ਪੂਰਾ ਅਧਿਕਾਰ ਹੈ। ਅਸੀਂ ਆਪਣੀ ਆਵਾਜ਼ ਚੁੱਕਾਂਗੇ ਅਤੇ ਕਹਾਂਗੇ ਕਿ ਮੁਸਲਮਾਨ ਆਪਣੇ ਲੋਕ ਹਨ।
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਭਾਰਤ ਦਾ ਤੁਰੰਤ ਜ਼ੋਰ ਇਹ ਯਕੀਨੀ ਬਣਾਉਣ ’ਤੇ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਉਸ ਦੇ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਲਈ ਨਾ ਕੀਤਾ ਜਾਵੇ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕਤਰ ਵਿਚ ਭਾਰਤੀ ਦੂਤ ਦੀਪਕ ਮਿੱਤਲ ਨੇ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਪ੍ਰਮੁੱਖ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਨਾਲ ਤਾਲਿਬਾਨ ਦੀ ਅਪੀਲ ’ਤੇ ਦੋਹਾ ਵਿਚ ਮੁਲਾਕਾਤ ਕੀਤੀ ਸੀ। ਦਰਅਸਲ, ਤਾਲਿਬਾਨ ਦੇ ਕੰਟਰੋਲ ਵਾਲੇ ਅਫ਼ਗਾਨਿਸਤਾਨ ਤੋਂ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਵੱਖ-ਵੱਖ ਅੱਤਵਾਦੀ ਜਥੇਬੰਦੀਆਂ ਦੀਆਂ ਸਰਗਰਮੀਆਂ ਵਿਚ ਵਾਧੇ ਦੇ ਖਦਸ਼ੇ ਨੂੰ ਲੈ ਕੇ ਭਾਰਤ ਵਿਚ ਚਿੰਤਾਵਾਂ ਵੱਧ ਰਹੀਆਂ ਹਨ।
ਹੱਕਾਨੀ ਨੈੱਟਵਰਕ ’ਤੇ ਬੁਲਾਰੇ ਨੇ ਕਿਹਾ ਕਿ ਅਜਿਹਾ ਕੋਈ ਸੰਗਠਨ ਹੈ ਹੀ ਨਹੀਂ। ਉਹ ਲੋਕ ਅਫ਼ਗਾਨਿਸਤਾਨ ਦੇ ਇਸਲਾਮੀ ਅਮੀਰਾਤ ਦਾ ਹਿੱਸਾ ਹਨ। ਕੀ ਅਮਰੀਕਾ ਨੇ ਤਾਲਿਬਾਨ ਦੀ ਸਹਿਮਤੀ ਨਾਲ ਡਰੋਨ ਹਮਲਾ ਕੀਤਾ ਸੀ? ਇਸ ਸਵਾਲ ਦੇ ਜਵਾਬ ਵਿਚ ਸ਼ਾਹੀਨ ਨੇ ਕਿਹਾ ਸੀ ਕਿ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ 31 ਅਗਸਤ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਇਸ ਤਰ੍ਹਾਂ ਦੇ ਕਿਸੇ ਵੀ ਹਮਲੇ ਨੂੰ ਰੋਕ ਦੇਵੇਗੀ। ਇਸ ਤੋਂ ਪਹਿਲਾਂ 19 ਅਗਸਤ ਨੂੰ ਸ਼ਾਹੀਨ ਨੇ ਚੀਨ ਦੇ ਸੀਜੀਟੀਐੱਨ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਚੀਨ ਭਵਿੱਖ ਵਿਚ ਅਫ਼ਗਾਨਿਸਤਾਨ ਦੇ ਵਿਕਾਸ ’ਚ ਯੋਗਦਾਨ ਦੇ ਸਕਦਾ ਹੈ।
ਆਈਏਐੱਨਐੱਸ ਦੇ ਅਨੁਸਾਰ ਤਾਲਿਬਾਨ ਸ਼ਾਸਨ ਦੇ ਅਧਿਕਾਰਕ ਬੁਲਾਰੇ ਜਬੀਬੁਲਾਹ ਮੁਜਾਹਿਦ ਨੇ ਦੱਸਿਆ ਕਿ ਚੀਨ ਉਸ ਦਾ ਮੁੱਖ ਜੋੜੀਦਾਰ ਹੈ। ਚੀਨ ਸਰਕਾਰ ਸਾਡੇ ਦੇਸ਼ ਵਿਚ ਨਿਵੇਸ਼ ਕਰਨ ਅਤੇ ਮੁੜ ਉਸਾਰੀ ਕਰਨ ਲਈ ਤਿਆਰ ਹੈ। ਮੁਜਾਹਿਦ ਨੇ ਕਿਹਾ ਸਾਡੇ ਕੋਲ ਤਾਂਬੇ ਦੀਆਂ ਖਾਣਾਂ ਹਨ। ਇਸ ਦੇ ਲਈ ਉਹ ਚੀਨ ਦੇ ਧੰਨਵਾਦੀ ਹਨ। ਉਹ ਵਿਸ਼ਵ ਦੇ ਬਾਜ਼ਾਰ ਲਈ ਉਨ੍ਹਾਂ ਦਾ ਟਿਕਟ ਹੈ। ਤਾਲਿਬਾਨ ਨੇ ਸਿਲਕ ਰੂਟ ਯਾਨੀ ਵਨ ਰੋਡ ਵਨ ਬੈਲਟ ਪ੍ਰਾਜੈਕਟ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਚੀਨ ਦੇ ਇਸ ਪ੍ਰਾਜੈਕਟ ਦੀ ਪੂਰੀ ਦੇਖਰੇਖ ਕਰਨਗੇ। ਉਹ ਰੂਸ ਦੇ ਨਾਲ ਵੀ ਸਬੰਧਾਂ ਨੂੰ ਮਜ਼ਬੂਤ ਕਰਨਗੇ।