ਕਾਬੁਲ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰਸ ਮੁਤਾਬਕ ਪਿਛਲੀ ਅਫ਼ਗਾਨ ਸਰਕਾਰ ਦੇ ਸੌ ਤੋਂ ਵੱਧ ਮੈਂਬਰਾਂ ਦੀ ਤਾਲਿਬਾਨ ਨੇ ਹੱਤਿਆ ਕਰ ਦਿੱਤੀ ਹੈ। ਕੌਮਾਂਤਰੀ ਫ਼ੌਜੀ ਬਲਾਂ ਦੇ ਵੀ ਲੋਕ 15 ਅਗਸਤ ਨੂੰ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਾਰੇ ਗਏ ਹਨ। ਇਸ ਦੌਰਾਨ ਤਾਲਿਬਾਨ ਨੇ ਸੰਯੁਕਤ ਰਾਸ਼ਟਰ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਕਿਸੇ ਦੀ ਵੀ ਹੱਤਿਆ ਨਹੀਂ ਕੀਤੀ।
ਗੁਤਰਸ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਜਾਰੀ ਇਕ ਰਿਪੋਰਟ ’ਚ ਕਿਹਾ ਕਿ ਤਾਲਿਬਾਨ ਨੇ ਬੇਸ਼ੱਕ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਤੇ ਪਿਛਲੀ ਅਸ਼ਰਫ਼ ਗਨੀ ਸਰਕਾਰ ਦੇ ਲੋਕਾਂ ਨੂੰ ਐਮਨੈਸਟੀ ਤਹਿਤ ਬਖ਼ਸ਼ ਦੇਣ ਦਾ ਦਾਅਵਾ ਕੀਤਾ ਹੋਵੇ, ਪਰ ਅਸਲ ’ਚ ਉਸ ਨੇ ਪਿਛਲੀ ਅਫ਼ਗਾਨ ਸਰਾਕਰ ਦੇ ਸੌ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਦੱਸਿਆ ਕਿ ਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਿਸ਼ਨ ਮੁਤਾਬਕ ਆਈਐੱਸਆਈਐੱਲ-ਕੇਪੀ ਨਾਲ ਜੁੜੇ ਪੰਜਾ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਮਾਰਿਆ ਜਾ ਚੁੱਕਿਆ ਹੈ। ਤਾਲਿਬਾਨ ਦੇ ਵਾਰ-ਵਾਰ ਇਨਕਾਰ ਦੇ ਬਾਵਜੂਦ ਅਫ਼ਗਾਨਿਸਤਾਨ ਤੋਂ ਪੁਖ਼ਤਾ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਉੱਥੇ ਮਨੁੱਖੀ ਅਧਿਕਾਰ ਵਰਕਰਾਂ, ਮੀਡੀਆ ਦੇ ਲੋਕਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮੁਹਿੰਮਾਂ ਨੇ 44 ਅਜਿਹੇ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚ ਪੱਤਰਕਾਰਾਂ ਨੂੰ ਕੁਝ ਸਮੇਂ ਤਕ ਲਈ ਤਾਲਿਬਾਨ ਦੇ ਹੱਥੋਂ ਗਿ੍ਰਫ਼ਤਾਰ ਕਰ ਕੇ ਪਰੇਸ਼ਾਨ ਕੀਤਾ ਗਿਆ ਸੀ।
ਸੰਯੁਕਤ ਰਾਸ਼ਟਰ ਮੁਖੀ ਮੁਤਾਬਕ 2.28 ਕਰੋੜ ਲੋਕ ਮਾਰਚ 2022 ਤੋਂ ਖ਼ੁਰਾਕ ਸੰਕਟ ਤੇ ਅਸੁਰੱਖਿਆ ਦੇ ਦੌਰ ’ਚੋਂ ਲੰਘਣ ਲੱਗਣਗੇ। ਇਨ੍ਹਾਂ ’ਚੋਂ 90 ਲੱਖ ਲੋਕਾਂ ਦੀ ਸਥਿਤੀ ਖ਼ੁਰਾਕ ਸੰਕਟ ਕਾਰਨ ਬਹੁਤ ਤਰਸਯੋਗ ਹੋਵੇਗੀ। ਦੇਸ਼ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਅੱਧੇ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਣਗੇ।
ਪਾਕਿ-ਅਫ਼ਗਾਨ ਸਰਹੱਦ ਵਿਵਾਦ ’ਤੇ ਕਮੇਟੀ ਬਣਾਉਣ ਦੀ ਸਹਿਮਤੀ
ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਮੋਇਦ ਯੂਸੁਫ ਦੇ ਅਫ਼ਗਾਨਿਸਤਾਨ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਦੋਵੇਂ ਦੇਸ਼ ਦੁਵੱਲੇ ਸਰਹੱਦੀ ਵਿਵਾਦ ਹੱਲ ਕਰਨ ਲਈ ਇਕ ਕਮੇਟੀ ਬਣਾਉਣ ’ਤੇ ਸਹਿਮਤ ਹੋ ਗਏ ਹਨ। ਪਾਕਿਸਤਾਨੀ ਅਖ਼ਬਾਰ ਡਾਨ ਮੁਤਾਬਕ ਪਾਕਿਸਤਾਨ ਤੇ ਅਫ਼ਗਾਨਿਸਤਾਨ ਨੇ ਤੁਰਕੇਮੇਨਿਸਤਾਨ-ਅਫ਼ਗਾਨਿਸਤਾਨ-ਪਾਕਿਸਤਾਨ-ਭਾਰਤ ਦੀ ਗੈਸ ਪਾਈਪਲਾਈਨ ਪ੍ਰਾਜੈਕਟ (ਤਾਪੀ) ਤੇ ਟ੍ਰਾਂਸ-ਅਫ਼ਗਾਨ ਰੇਲ ਪ੍ਰਾਜੈਕਟ ਨੂੰ ਵੀ ਛੇਤੀ ਤੋਂ ਛੇਤੀ ਪੂਰਾ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਈ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਡੁਰੰਡ ਲਾਈਨ ’ਤੇ ਵੀ ਸਾਰੇ ਅਫ਼ਗਾਨ ਨਾਗਰਿਕਾਂ ਨੂੰ ਪਛਾਣ ਪੱਤਰ ਜਾਰੀ ਕਰ ਰਿਹਾ ਹੈ। ਤਾਂ ਜੋ ਉਹ ਆਪਣੇ ਨਾਗਰਿਕਾਂ ਤੋਂ ਇਲਾਵਾ ਉਨ੍ਹਾਂ ਦੀ ਪਛਾਣ ਕਰ ਸਕਣ।
ਤਾਲਿਬਾਨ ਖੋਲ੍ਹੇਗਾ ਸਾਰੀਆਂ ਯੂਨੀਵਰਸਿਟੀਆਂ
ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਆਪਣੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਦੋ ਫਰਵਰੀ ਤੋਂ ਫਿਰ ਖੋਲ੍ਹ ਰਿਹਾ ਹੈ। ਉੱਚ ਸਿੱਖਿਆ ਦੇ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਆਖ਼ਰੀ ਸਮੈਸਟਰ ਬਾਕੀ ਹੈ ਉਨ੍ਹਾਂ ਨੂੰ ਇਸ ਨੂੰ ਪੂਰਾ ਕਰਨ ਲਈ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਸੂਬਿਆਂ ’ਚ ਨਵਾਂ ਅਕਾਦਮਿਕ ਸੈਸ਼ਨ ਇਸੇ ਸਾਲ ਅਪ੍ਰੈਲ ਦੇ ਅੰਤ ’ਚ ਸ਼ੁਰੂ ਕੀਤਾ ਜਾਵੇਗਾ। ਬਰਫ਼ੀਲੇ ਤੇ ਠੰਢੇ ਸੂਬਿਆਂ ’ਚ ਮਾਰਚ ਦੇ ਸ਼ੁਰੂ ’ਚ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ। ਦੇਸ਼ ’ਚ ਕੁਲ 150 ਯੂਨੀਵਰਸਿਟੀਆਂ ਹਨ। ਇਨ੍ਹਾਂ ਸਾਰਿਆਂ ਨੂੰ ਅਗਸਤ ’ਚ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।