ਨਵੀਂ ਦਿੱਲੀ – ਫੇਸਬੁੱਕ ਨੇ ਤਾਲਿਬਾਨ ਨਾਲ ਜੁੜੇ ਪੋਸਟ ਤੇ ਅਕਾਊਂਟਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਲਈ ਫੇਸਬੁੱਕ ਨੇ ਉੱਥੇ ਦੀ ਖੇਤਰੀ ਭਾਸ਼ਾਵਾਂ ਦੇ ਜਾਣਕਾਰਾਂ ਨੂੰ ਲੈ ਕੇ ਇਕ ਅਹਿਮ ਟੀਮ ਦਾ ਗਠਨ ਕੀਤਾ ਹੈ ਤਾਂ ਕਿ ਤਾਲਿਬਾਨ ਨਾਲ ਸਬੰਧਿਤ ਤਮਾਮ ਪੋਸਟਾਂ ਦੀ ਪਛਾਣ ਕਰ ਕੇ ਇਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਇਆ ਜਾ ਸਕੇ। ਦਰਅਸਲ ਅਮਰੀਕੀ ਕਾਨੂੰਨ ਦੇ ਤਹਿਤ ਤਾਲਿਬਾਨ ਨੂੰ ਅੱਤਵਾਦੀ ਸਮੂਹ ਕਰਾਰ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਫੇਸਬੁੱਕ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਨੇ ਆਪਣੇ ਪਲੇਟਫਾਰਮ ’ਤੇ ਚੱਲ ਰਹੇ ਤਾਲਿਬਾਨ ਨਾਲ ਜੁੜੇ ਪੋਸਟ ਤੇ ਵੀਡੀਓ ਸਮੇਤ ਜਿੰਨੇ ਵੀ ਅਕਾਊਂਟ ਹਨ ਉਸ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੋਸ਼ਲ ਮੀਡੀਆ ਦੇ ਦਿੱਗਜ਼ ਪਲੇਟਫਾਰਮ ਫੇਸਬੁੱਕ ਨੇ ਬਿਆਨ ’ਚ ਕਿਹਾ, ‘ਅਮਰੀਕੀ ਕਾਨੂੰਨ ਦੇ ਤਹਿਤ ਤਾਲਿਬਾਨ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਗਿਆ ਹੈ ਤੇ ਅਸੀਂ ਆਪਣੀ ਖ਼ਤਰਨਾਕ ਅਰਗੇਨਾਈਜੇਸ਼ਨ ਨੀਤੀਆਂ ਦੇ ਤਹਿਤ ਸਾਡੇ ਪਲੇਟਫਾਰਮ ਤੋਂ ਉਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਭਾਵ ਹੈ ਕਿ ਅਸੀਂ ਉਨ੍ਹਾਂ ਦੁਆਰਾ ਚਲਾਏ ਜਾ ਰਹੇ ਜਾਂ ਉਨ੍ਹਾਂ ਨਾਲ ਜੁੜੇ ਤਮਾਮ ਅਕਾਊਂਟਾਂ ਨੂੰ ਹਟਾ ਰਹੇ ਹਾਂ। ਇਨ੍ਹਾਂ ’ਚ ਉਹ ਅਕਾਊਂਟ ਵੀ ਸ਼ਾਮਲ ਹਨ ਜੋ ਤਾਲਿਬਾਨ ਦੀ ਅਗਵਾਈ, ਪ੍ਰਸ਼ੰਸਾ ਜਾਂ ਸਮਰਥਨ ਕਰਦੇ ਹਨ।