ਨਵੀਂ ਦਿੱਲੀ – ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੰਟੇਨਮੈਂਟ ਜ਼ੋਨ ਤੇ ਪੰਜ ਫ਼ੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਜ਼ਿਲ੍ਹਿਆਂ ’ਚ ਸਮੂਹਿਕ ਸਮਾਗਮ ਦੀ ਇਜਾਜ਼ਤ ਨਾ ਦੇਣ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਭੇਜੇ ਗਏ ਪੱਤਰ ’ਚ ਕਿਹਾ ਹੈ ਕਿ ਅਜਿਹੇ ਸਮਾਗਮਾਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤੇ ਸਰੀਰਕ ਦੂਰੀ ਤੇ ਮਾਸਕ ਦੇ ਇਸਤੇਮਾਲ ਵਰਗੇ ਨਿਯਮਾਂ ਦੀ ਉਲੰਘਣਾ ’ਤੇ ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਜਾਂਚ, ਇਲਾਜ ਤੇ ਟੀਕਾਕਰਨ ਦੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ। ਭੂਸ਼ਣ ਨੇ ਕਿਹਾ ਕਿ ਦੇਸ਼ ਦੀ 66 ਫੀਸਦੀ ਬਾਲਿਗ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 23 ਫ਼ੀਸਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 63.7 ਫ਼ੀਸਦੀ ਕੋਵਿਡ ਵੈਕਸੀਨ ਪੇਂਡੂ ਖੇਤਰ ’ਚ ਲਗਾਈਆਂ ਗਈਆਂ, ਜਦਕਿ 35.4 ਫ਼ੀਸਦੀ ਸ਼ਹਿਰੀ ਖੇਤਰ ’ਚ। ਜੀਨੋਮਮ ਸਿਕਵੈਂਸਿੰਗ ਕੰਸੋਰਟੀਅਮ ਆਈਐੱਨਐੱਸਏਸੀਓਜੀ ਨੇ ਕਿਹਾ ਕਿ ਫਿਲਹਾਲ ਦੇਸ਼ ’ਚ ਕੋਵਿਡ ਦੇ ਕਿਸੇ ਨਵੇਂ ਵੇਰੀਐਂਟ ਦਾ ਕੋਈ ਸਬੂਤ ਨਹੀਂ ਮਿਲਿਆ। 20 ਸਤੰਬਰ ਨੂੰ ਜਾਰੀ ਬੁਲੇਟਿਨ ’ਚ ਉਸਨੇ ਕਿਹਾ ਕਿ ਹਾਲੇ ਡੈਲਟਾ ਵੇਰੀਐਂਟ ਹੀ ਮੁੱਖ ਤੌਰ ’ਤੇ ਬਾਰਤ ’ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
previous post