ਨਵੀਂ ਦਿੱਲੀ – ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਜੇ ਕੋਰੋਨਾ ਦੀ ਤੀਜੀ ਲਹਿਰ ਆ ਵੀ ਜਾਂਦੀ ਹੈ, ਉਦੋਂ ਵੀ ਚਾਲੂ ਵਿੱਤੀ ਸਾਲ ਅਗਲੀ ਤਿੰਨ ਤਿਮਾਹੀਆਂ ਦੌਰਾਨ ਇਕਨੋਮੀ ‘ਚ ਤੇਜ਼ ਰਿਕਵਰੀ ਹੋਵੇਗੀ। ਵੀਰਵਾਰ ਨੂੰ ਆਪਣੀ ਰਿਪੋਰਟ ‘ਚ ਵਿੱਤ ਮੰਤਰਾਲੇ ਨੇ ਕਿਹਾ ਕਿ ਟੀਕਾਕਰਨ ‘ਚ ਲਗਾਤਾਰ ਵਾਧੇ ਤੇ ਬਿਹਤਰ ਕੋਰੋਨਾ ਪ੍ਰਬੰਧਨ ਦੇ ਅਨੁਭਵ ਤੋਂ ਹੁਣ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਤੀਜੀ ਲਹਿਰ ਦੇ ਬਾਵਜੂਦ ਅਰਥਵਿਵਸਥਾ ਦੀ ਰਿਕਵਰੀ ਪ੍ਰਭਾਵਿਤ ਨਹੀਂ ਹੋਵੇਗੀ। ਕੇਂਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਗਏ ਉਪਾਆਂ ਦੀ ਬਦੌਲਤ ਚਾਲੂ ਵਿੱਤੀ ਸਾਲ ਦੀ ਅਗਲੀਆਂ ਤਿੰਨ ਤਿਮਾਹੀਆਂ ‘ਚ ਪਹਿਲੀ ਤਿਮਾਹੀ ਦੇ ਮੁਕਾਬਲੇ ਤੇਜ਼ ਰਿਕਵਰੀ ਹੋਵੇਗੀ। ਮੰਤਰਾਲੇ ਨੇ ਕਿਹਾ ਕਿ 8 ਸਤੰਬਰ ਤਕ ਦੇਸ਼ ਦੀ 60 ਫੀਸਦੀ ਬਾਲਗ ਆਬਾਦੀ ਟੀਕੇ ਦੀ ਘੱਟ ਤੋਂ ਘੱਟ ਇਕ ਡੋਜ਼ ਲੈ ਚੁੱਕੀ ਹੈ। ਹਾਲਾਂਕਿ ਰਿਪੋਰਟ ‘ਚ ਇਕ ਵਾਰ ਮੁੜ ਤੋਂ ਡੈਲਟਾ ਵੇਰੀਐਂਟ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਗਈ ਹੈ ਤੇ ਇਸ ਨੂੰ ਰੋਕਣ ਲਈ ਜਾਂਚ ‘ਚ ਵਾਧੇ ਨਾਲ ਕੋਰੋਨਾ ਰੋਕਥਾਮ ਵਿਵਹਾਰ ਨੂੰ ਜਾਰੀ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੂਜੀ ਲਹਿਰ ਦੇ ਮੰਦ ਪੈਂਦਿਆਂ ਹੀ ਕੋਰ ਸੈਕਟਰ ਦੇ ਉਦਯੋਗਿਕ ਉਤਪਾਦਨ, ਪੀਐੱਮਆਈ ਮੈਨਿਊਫੈਕਚਰਿੰਗ, ਸਟੀਲ ਖਪਤ, ਆਟੋ ਵਿਕਰੀ, ਟਰੈਕਟਰ ਵਿਕਰੀ, ਪੈਟੋਰਲੀਅਮ ਉਤਪਾਦਾਂ ਦੀ ਖਪਤ, ਜੀਐੱਸਟੀ ਸੰਗ੍ਰਹਿ, ਯੂਪੀਆਈ ਟ੍ਰਾਂਜੈਕਸ਼ਨ ਵਰਗੇ ਆਰਥਿਕ ਸੂਚਕਾਂਕ ‘ਚ ਤੇਜ਼ੀ ਦਿਸਣ ਲੱਗੀ। ਸਾਲ 2008 ‘ਚ ਆਲਮੀ ਮੰਦੀ ਦੌਰਾਨ ਭਾਰਤ ਦੀ ਜੋ ਆਰਥਿਕ ਸਥਿਤੀ ਸੀ, ਫਿਲਹਾਲ ਉਸ ਤੋਂ ਬਹਿਤਰ ਸਥਿਤੀ ਹੈ। ਅਗਸਤ ‘ਚ ਬੈਂਕ ਕਰਜ਼ ‘ਚ 6.55 ਫੀਸਦੀ ਦਾ ਵਾਧਾ ਹੋਇਆ।