
ਹਜੇ ਕੱਲ ਦੀ ਗੱਲ ਹੈ ਪੰਜਾਬੀ ਗਾਇਕੀ ਅਤੇ ਗਜਲਾਂ ਦਾ ਗਾਇਕ ਜਗਜੀਤ ਜੀਰਵੀਂ ਸਾਡੇ ਕੋਲੋਂ ਵਿੱਛੜ ਕੇ ਹੱਟਿਆ ਹੈ ਹਜੇ ਤਾਂ ਉਸ ਦੀ ਚਿਖਾ ਵੀ ਠੰਡੀ ਨਹੀ ਹੋਈ ਪੰਜਾਬੀ ਗਾਇਕੀ ਅਤੇ ਸੁਰਾਂ ਦਾ ਬਾਦਸ਼ਾਹ ਸਰਦੂਲ ਸਿਕੰਦਰ ਵੀ ਸਾਡੇ ਕੋਲੋਂ ਸਦਾ ਲਈ ਵਿੱਛੜ ਗਿਆ ਹੈ।
ਦਸੰਬਰ ਮਹੀਨੇ ਵਿਚ ਸਰਦੂਲ ਸਿਕੰਦਰ ਨੂੰ ਕਰੋਨਾਂ ਪਾਜ਼ਿਟਵ ਆ ਗਿਆ ਸੀ ਅਤੇ ਸਾਹ ਲੈਣ ਵਿਚ ਸਮੱਸਿਆ ਆ ਰਹੀ ਸੀ। ਇਸ ਕਰਕੇ ਇਹ ਪਿਛਲੇ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਸੀ ਹੁਣ ਉਸ ਦੀ ਹਾਲਤ ਬਹੁਤ ਨਾਜ਼ਕ ਅਤੇ ਤਰਸਯੋਗ ਬਣੀ ਹੋਈ ਸੀ ਅੱਜ ਉਹ ਸਾਨੂੰ 24 ਫ਼ਰਵਰੀ ਨੂੰ 60 ਸਾਲ ਦੀ ਉਮਰ ਵਿਚ ਵਿਛੋੜਾ ਦੇ ਗਿਆ ਹੈ।
ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਪਿੰਡ ਖੇੜੀ ਨੋਧ ਸਿੰਘ ਜਿਲ੍ਹਾ ਫ਼ਤਿਹਗ੍ਹੜ ਸਾਹਿਬ ਵਿਖੇ ਪਿਤਾ ਮਸਤਾਨਾ ਸਿੰਘ ਦੇ ਘਰ ਹੋਇਆ। ਇਸ ਦੇ ਪਿਤਾ ਬਹੁਤ ਵਧੀਆ ਗਾ ਲੈਂਦੇ ਸਨ ਆਪਣੀ ਗਾਇਕੀ ਦੀ ਸੇਵਾ ਮੰਦਰਾਂ ਅਤੇ ਗੁਰਦੁਵਾਰਿਆਂ ਵਿਚ ਕਰਦੇ ਰਹਿੰਦੇ ਸਨ। ਸਰਦੂਲ ਸਿਕੰਦਰ ਨੇ ਆਪਣੀ ਗਾਇਕੀ ਆਪਣੇ ਪਿਤਾ ਕੋਲੋਂ ਸਿੱਖੀ ਸੀ ਪਰ ਇਹ ਚਰਨਜੀਤ ਅਹੁਜਾ ਨੂੰ ਆਪਣਾ ਉਸਤਾਦ ਮੰਨਦਾ ਸੀ। ਇਹ ਪਰੀਵਾਰ ਸੰਗੀਤ ਦੇ ਪਟਿਆਲਾ ਘਰਾਣੇ ਨਾਲ ਸਬੰਧਤ ਹੈ।
ਸਰਦੂਲ ਸਿਕੰਦਰ ਦਾ ਵਿਆਹ ਬਹੁਤ ਵਧੀਆ ਗਾਇਕਾ ਅਤੇ ਫਿਲਮੀ ਕਲਾਕਾਰ ਅਮਰ ਨੂਰੀ ਨਾਲ ਹੋ ਗਿਆ ਸੀ ਇਸ ਦੇ ਘਰ ਦੋ ਪੁਤਰਾਂ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਨੇ ਜਨਮ ਲਿਆ। ਦੋਵੇ ਹੀ ਸੰਗੀਤਕ ਇੰਡਸਟਰੀ ਨਾਲ ਜੁੜੇ ਹੋਏ ਹਨ।
ਸਰਦੂਲ ਸਿਕੰਦਰ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1980 ਵਿਚ ਰੇਡੀਓ ਅਤੇ ਟੈਲੀਵੀਜਨ ਤੋ ਕੀਤੀ। ਸਰਦੂਲ ਸਿਕੰਦਰ ਬਹੁਤ ਹੀ ਹਸਮੁੱਖ ਸੁਭਾਹ ਦਾ ਅਤੇ ਮਜ਼ਕੀਆ ਇੰਨਸਾਨ ਸੀ ਇਹ ਹੋਰ ਵਿਆਕਤੀਆਂ ਦੀ ਬੋਲੀ ਆਪਣੀ ਆਵਾਜ਼ ਵਿਚ ਸਹਿਜੇ ਹੀ ਬੋਲ ਲੈਂਦਾ ਸੀ। ਲਗਭਗ 1980 ਵਿਚ ਇਸ ਦੀ ਇਕ ਕੈਸਿਟ `ਅਾ ਗਈ ਰੋਡਵੇਜ ਦੀ ਲਾਰੀ ` ਆਈ ਇਸ ਗੀਤ ਵਿਚ ਇਸ ਨੇ ਕਈ ਕਲਾਕਾਰਾ ਦੇ ਸਟਾਇਲ ਨੂੰ ਆਪਣੀ ਆਵਾਜ਼ ਵਿਚ ਗਾਇਆ ਸੀ ਜੋ ਬੇਹੱਦ ਮਕਬੂਲ ਹੋਇਆ ਸੀ।
ਜਦ ਸਾਡੀ ਪੰਜਾਬੀ ਗਾਇਕੀ ਤੇ ਪੱਛਮੀ ਸਭਿਆਚਾਰ ਦਾ ਅਸਰ ਹੋਣ ਲੱਗਿਆ ਤਾਂ ਸਾਡੇ ਗਾਇਕਾਂ ਨੇ ਆਪਣੀ ਗਾਇਕੀ ਦੀ ਟਿਊਨ ਬਦਲਣੀ ਸ਼ੁਰੂ ਕਰ ਦਿੱਤੀ ਫਿਰ ਇਸ ਨੇ ਸਮਸ਼ੇਰ ਸੰਧੂ ਦਾ ਲਿਖਿਆ ਗੀਤ ਗਾਇਆ ‘ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ‘ ਇਹ ਗੀਤ ਬੇਹੱਦ ਮਕਬੂਲ ਹੋਇਆ।
ਇਸ ਦੇ ਹੋਰ ਗੀਤ, ਸਿਖ ਲੈ ਕਲਿਹਰੀਆ ਮੋਰਾ ਤੁਰਨਾ ਤੋਰ ਪੰਜਾਬਣ ਦੀ, ਫੁੱਲਾਂ ਦੀਏ ਕੱਚੀਏ ਵਪਾਰ ਨੇ, ਸਾਡੇ ਆਂ ਪਰਾਂ ਤੋਂ ਸਿੱਖੀ ਉਡਣਾ, ਇਕ ਚਰਖਾ ਗਲੀ ਦੇ ਵਿਚ ਡਾਹ ਲਿਆ, ਹਾਸੇ ਨਾਲ ਸੀ ਚਲਾਵਾਂ ਫੁਲ ਮਾਰਿਆ,ਭਾਬੀਏੇ ਗਿੱਧੇ ਦੇ ਵਿਚ ਨੱਚ ਲੈ, ਤੇਰਾ ਲਿਖਦੂ ਸਫੈਦਿਆਂ ਤੇ ਨਾਂ ਆਦਿ ਬਹੁਤ ਸਾਰੇ ਹਿਟ ਗੀਤ ਗਾਏ। ਸਰਦੂਲ ਸਿਕੰਦਰ ਨੇ ਲਗਭਗ 50 ਦੇ ਕਰੀਬ ਸੰਗੀਤ ਦੀਆਂ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ।
ਇਸ ਨੇ ਬਹੁਤ ਸਾਰੀਆਂ ਫਿਲਮਾਂ ਵਿਚ ਕੰਮ ਕੀਤਾ ਜਿਵੇ ਜੱਗਾ ਡਾਕੂ, ਖੁਸ਼ੀਆਂ, ਪਿੰਡ ਦੀ ਕੁੜੀ, ਚੂੜੀਆਂ, ਪੰਚਾਇਤ, ਪੁਲੀਸ ਇੰਨ ਪੋਲੀਵੁਡ ਆਦਿ ਫਿਲਮਾਂ ਵਿਚ ਕੰਮ ਕੀਤਾ। ਉਸ ਦੇ ਇਸ ਦੁਨੀਆਂ ਤੋ ਚਲੇ ਜਾਣ ਨਾਲ ਹਰ ਪਾਸੇ ਸੋਗ ਦੀ ਲਹਿਰ ਦੋੜ ਗਈ ਹੈ ਪ੍ਰਮਾਤਮਾ ਇਸ ਕਲਾਕਾਰ ਨੂੰ ਚਰਨਾਂ ਵਿਚ ਸਥਾਨ ਬਖ਼ਸ਼ੇ।