ਨਿਊ ਸਾਊਥ ਵੇਲਸ – ਭਵਿੱਖ ’ਚ ਪੌਣ-ਪਾਣੀ ਬਦਲਾਅ ਦੀ ਸਥਿਤੀ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਸਦੀ ਦੇ ਅਖੀਰ ਤਕ ਸਮੁੰਦਰ ਦਾ ਪੱਧਰ ਕਿੰਨਾ ਵਧੇਗਾ। ਇਸ ’ਚ ਵੱਡੀ ਮੁਸ਼ਕਲ ਇਹ ਹੈ ਕਿ ਹੁਣ ਤੱਕ ਦੇ ਅੰਦਾਜ਼ਿਆਂ ’ਚ ਬਹੁਤ ਫ਼ਰਕ ਦੇਖਿਆ ਗਿਆ ਹੈ। ਹੁਣ ਸੀਐੱਸਆਈਆਰਓ ਦੇ ਕੇਵੀ ਵਲਿਊ ਤੇ ਜੁਬਿਨ ਝੇਂਗ ਤੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਜਾਨ ਚਰਚ ਨੇ ਇਸ ਬੇਯਕੀਨੀ ਨੂੰ ਦੂਰ ਕਰਨ ਦੀ ਦਿਸ਼ਾ ’ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਅਧਿਐਨ ’ਚ ਇਨ੍ਹਾਂ ਅਨੁਮਾਨਾਂ ਨੂੰ ਕਾਫ਼ੀ ਸਟੀਕ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਨੂੰ ਵਿਗਿਆਨ ਪੱਤ੍ਰਿਕਾ ਨੇਚਰ ਕਲਾਈਮੇਟ ਚੇਂਜ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। 15 ਸਾਲ ਦੇ ਅਧਿਐਨ ਦੇ ਆਧਾਰ ’ਤੇ ਇਸ ’ਚ ਇਹ ਦੱਸਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਸਾਡੇ ਮਹਾਸਾਗਰਾਂ ਦਾ ਤਾਪਮਾਨ ਕਿੰਨਾ ਵਧੇਗਾ ਤੇ ਇਸ ਨਾਲ ਸਮੁੰਦਰ ਦੇ ਪੱਧਰ ’ਤੇ ਕਿੰਨਾ ਅਸਰ ਪਵੇਗਾ।ਅਜਿਹੀ ਸਥਿਤੀ ’ਚ ਮਹਾਸਾਗਰਾਂ ਦੀ ਉੱਪਰਲੀ 2,000 ਮੀਟਰ ਦੀ ਸਤ੍ਹਾ ਦਾ ਤਾਪਮਾਨ ਵਧੇਗਾ। 2005-19 ਦੌਰਾਨ ਤਾਪਮਾਨ ਜਿੰਨਾ ਵਧਿਆ ਸੀ, ਉਸ ਦੇ ਮੁਕਾਬਲੇ 11 ਤੋਂ 15 ਗੁਣਾ ਵਧੇਰੇ ਵਾਧਾ ਹੋਵੇਗਾ। ਤਾਪਮਾਨ ਵਧਣ ਨਾਲ ਪਾਣੀ ਦੀ ਮਿਕਦਾਰ ਵਧਦੀ ਹੈ। ਮਹਾਸਾਗਰਾਂ ਦੀ ਉੱਪਰਲੀ ਸਤ੍ਹਾ ’ਚ ਇਸ ਵਾਧੇ ਨਾਲ ਸਮੁੰਦਰਾਂ ਦਾ ਪੱਧਰ 17 ਤੋਂ 26 ਸੈਂਟੀਮੀਟਰ ਤਕ ਵਧ ਸਕਦਾ ਹੈ। ਇਹ ਪੱਧਰ ’ਚ ਕੁਲ ਵਾਧੇ ਦਾ ਤਿਹਾਈ ਹੈ। ਮਹਾਸਾਗਰਾਂ ਦੀਆਂ ਅੰਦਰੂਨੀ ਸਤ੍ਹਾਂ ਦੇ ਤਾਪਮਾਨ ’ਚ ਵਾਧੇ ਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਵੀ ਸਮੁੰਦਰਾਂ ਦਾ ਪੱਧਰ ਵਧੇਗਾ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਦੀ ਦੇ ਅਖੀਰ ਤਕ ਸਮੁੰਦਰ ਦੇ ਪਾਣੀ ਦਾ ਪੱਧਰ 50 ਤੋਂ 80 ਸੈਂਟੀਮੀਟਰ ਤਕ ਵਧ ਸਕਦਾ ਹੈ। ਇਸ ਨਾਲ ਕਈ ਤੱਟੀ ਇਲਾਕਿਆਂ ਦੇ ਡੁੱਬਣ ਦਾ ਖ਼ਤਰਾ ਰਹੇਗਾ।