ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ‘ਤੇ ਇਕ ਵਾਰ ਫਿਰ ਕੋਰੋਨਾ ਦਾ ਪਰਛਾਵਾਂ ਛਾ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਕੋਚ ਤੇ ਮਿਸ਼ੇਲ ਮਾਰਸ਼ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਬੁੱਧਵਾਰ ਨੂੰ ਹੋਣ ਵਾਲੇ ਦਿੱਲੀ ਅਤੇ ਪੰਜਾਬ ਦੇ ਮੈਚ ਦਾ ਸਥਾਨ ਬਦਲਿਆ ਗਿਆ ਹੈ। ਹੁਣ ਇਹ ਮੈਚ ਪੁਣੇ ‘ਚ ਨਹੀਂ ਬਲਕਿ ਮੁੰਬਈ ਦੇ ਬ੍ਰਾਬੋਨ ਸਟੇਡੀਅਮ ‘ਚ ਹੋਵੇਗਾ। ਇਸ ਤੋਂ ਪਹਿਲਾਂ ਇਹ ਮੈਚ ਮਹਾਰਾਸ਼ਟਰ ਕ੍ਰਿਕਟ ਸੰਘ ਦੇ ਮੈਦਾਨ ‘ਤੇ ਕਰਵਾਉਣ ਦਾ ਪ੍ਰਸਤਾਵ ਸੀ। ਦਿੱਲੀ ਨੇ ਕੋਰੋਨਾ ਦੇ ਫੈਲਣ ਤੋਂ ਬਾਅਦ ਪੁਣੇ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਸੀ।
ਮੰਗਲਵਾਰ ਨੂੰ ਦੱਸੇ ਗਏ ਮੈਚ ਨੰਬਰ 32 ਦਾ ਸਥਾਨ ਬਦਲ ਦਿੱਤਾ ਗਿਆ ਹੈ। ਐਮਸੀਐਸ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਵਿਚਾਲੇ ਮੈਚ ਹੁਣ ਬਰੇਬਨ ਸਟੇਡੀਅਮ ਵਿੱਚ ਹੋਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਿਆ ਜਾ ਸਕੇ ਅਤੇ ਖਿਡਾਰੀਆਂ ਨੂੰ ਲੰਬੀ ਦੂਰੀ ਦਾ ਸਫਰ ਨਾ ਕਰਨਾ ਪਵੇ। ਹਾਲਾਂਕਿ ਇਸ ਦੀ ਤਰੀਕ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ ਕੈਪੀਟਲਜ਼ ਦੇ ਕੈਂਪ ਵਿਚ 5 ਲੋਕਾਂ ਦਾ ਕੋਵਿਡ-19 ਪਾਇਆ ਗਿਆ ਹੈ। ਫਿਜ਼ੀਓ ਪੈਟਰਿਕ ਫਰਹਾਰਟ ਤੋਂ ਇਲਾਵਾ ਮਸਾਜ ਥੈਰੇਪਿਸਟ ਚੇਤਨ ਕੁਮਾਰ, ਆਲਰਾਊਂਡਰ ਮਿਸ਼ੇਲ ਮਾਰਸ਼, ਟੀਮ ਡਾਕਟਰ ਅਭਿਜੀਤ ਸਾਲਵੀ ਅਤੇ ਸੋਸ਼ਲ ਮੀਡੀਆ ਮੈਂਬਰ ਆਕਾਸ਼ ਮਾਨੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਕੋਵਿਡ ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਇੱਕ ਮੈਡੀਕਲ ਟੀਮ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ। ਛੇਵੇਂ ਅਤੇ ਸੱਤਵੇਂ ਦਿਨ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਜੇਕਰ ਸਭ ਕੁਝ ਠੀਕ ਪਾਇਆ ਜਾਂਦਾ ਹੈ ਤਾਂ ਉਹ ਬਾਇਓ ਬਬਲ ਵਿੱਚ ਦਾਖਲ ਹੋ ਸਕਣਗੇ। ਇਹ ਵੀ ਦੱਸਿਆ ਗਿਆ ਹੈ ਕਿ 16 ਅਪ੍ਰੈਲ ਤੋਂ ਦਿੱਲੀ ਕੈਪੀਟਲਜ਼ ਕੈਂਪ ਦੇ ਹਰ ਮੈਂਬਰ ਦੀ ਰੋਜ਼ਾਨਾ ਜਾਂਚ ਕੀਤੀ ਜਾਵੇਗੀ। RT-PCR ਟੈਸਟ ਦਾ ਚੌਥਾ ਦੌਰ 19 ਅਪ੍ਰੈਲ ਨੂੰ ਕੀਤਾ ਜਾਵੇਗਾ।