ਨਵੀਂ ਦਿੱਲੀ – ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 37,875 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 25 ਹਜ਼ਾਰ ਤੋਂ ਜ਼ਿਆਦਾ ਇਕੱਲੇ ਕੇਰਲ ’ਚੋਂ ਹਨ। ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ 3.30 ਕਰੋੜ ਹੋ ਗਈ ਹੈ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਕੇ 3,91,256 ਰਹਿ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰ ਅੱਠ ਵਜੇ ਤਕ ਅਪਡੇਟ ਅੰਕੜਿਆਂ ਮੁਤਾਬਕ, 369 ਹੋਰ ਮਰੀਜ਼ਾਂ ਦੀ ਜਾਨ ਗੁਆਉਣ ਨਾਲ ਮਿ੍ਰਤਕਾਂ ਦੀ ਗਿਣਤੀ 4,41,411 ’ਤੇ ਪਹੁੰਚ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਇਨਫੈਕਸ਼ਨ ਦੇ ਕੁਲ ਮਾਮਲਿਆਂ ਦਾ 1.18 ਫ਼ੀਸਦੀ ਹੈ ਜਦਕਿ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.48 ਫ਼ੀਸਦੀ ਹੈ।
ਮੰਤਰਾਲੇ ਨੇ ਦੱਸਿਆ ਕਿ 24 ਘੰਟਿਆਂ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ’ਚ 1,608 ਦੀ ਕਮੀ ਦਰਜ ਕੀਤੀ ਗਈ। ਇਨਫੈਕਸ਼ਨ ਦੀ ਰੋਜ਼ਾਨਾ ਦਰ 2.16 ਫ਼ੀਸਦੀ ਦਰਜ ਕੀਤੀ ਗਈ ਹੈ। ਪਿਛਲੇ ਨੌਂ ਦਿਨਾਂ ਤੋਂ ਇਹ ਤਿੰਨ ਫ਼ੀਸਦੀ ਤੋਂ ਘੱਟ ਹੈ। ਹਫ਼ਤਾਵਾਰੀ ਇਨਫੈਕਸ਼ਨ ਦੀ ਦਰ 2.49 ਫ਼ੀਸਦੀ ਦਰਜ ਹੈ ਜਿਹੜੀ ਪਿਛਲੇ 75 ਦਿਨਾਂ ਤੋਂ ਤਿੰਨ ਫ਼ੀਸਦੀ ਤੋਂ ਘੱਟ ਹੈ। ਅੰਕੜਿਆਂ ਮੁਤਾਬਕ, ਦੇਸ਼ ਵਿਚ ਜਿਨ੍ਹਾਂ 369 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 189 ਦੀ ਕੇਰਲ ਅਤੇ 86 ਲੋਕਾਂ ਦੀ ਮੌਤ ਮਹਾਰਾਸ਼ਟਰ ’ਚ ਹੋਈ।