ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਗਰਮ ਮਾਮਲੇ ਚਾਰ ਲੱਖ ਤੋਂ ਪਾਰ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ‘ਚ 5,903 ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਦੇਸ਼ ‘ਚ ਕੁਲ 42,618 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਇਕੱਲੇ ਕੇਰਲ ‘ਚ ਹੀ 29,322 ਕੋਰੋਨਾ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ 330 ਲੋਕਾਂ ਦੀ ਮੌਤ ਵੀ ਹੋਈ ਹੈ। ਕੇਰਲ ‘ਚ ਹੋਈਆਂ 131 ਮਰੀਜ਼ਾਂ ਦੀ ਮੌਤ ਵੀ ਇਸ ਗਿਣਤੀ ‘ਚ ਸ਼ਾਮਲ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅਪਡੇਟ ਕੀਤੇ ਅੰਕੜੇ ਮੁਤਾਬਕ ਸਰਗਰਮ ਮਾਮਲੇ 4,05,681 ਹੋ ਗਏ ਹਨ ਤੇ ਕੁਲ ਮਾਮਲਿਆਂ ਦੀ ਗਿਣਤੀ 3,30 ਕਰੋੜ ਤਕ ਪਹੁੰਚ ਗਈ ਹੈ। ਹੁਣ ਤਕ 4,40 ਲੱਖ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਰੋਜ਼ਾਨਾ ਤੇ ਹਫਤਾਵਰੀ ਇਨਫੈਕਸ਼ਨ ਦੀ ਦਰ ਵੀ ਦੋ ਫ਼ੀਸਦੀ ਨੂੰ ਪਾਰ ਕਰ ਗਈ ਹੈ। ਜਦਕਿ ਮਰੀਜ਼ਾਂ ਦੀ ਠੀਕ ਹੋਣ ਦੀ ਦਰ 97 ਫ਼ੀਸਦੀ ਤੋਂ ਵੀ ਹੇਠਾਂ ਵੱਲ ਨੂੰ ਆ ਗਈ ਹੈ। ਮੰਤਰਾਲੇ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਕ ਸ਼ਨਿਚਰਵਾਰ ਸ਼ਾਮ 7 ਵਜੇ ਤਕ ਕੋਰੋਨਾ ਵੈਕਸੀਨ ਦੀਆਂ ਕੁਲ 67.72 ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕਰੀਬ 59 ਲੱਖ ਟੀਕਾਕਰਨ ਕੀਤਾ ਗਿਆ ਹੈ। ਹੁਣ ਤਕ ਇਕ ਕਰੋੜ ਤੋਂ ਜ਼ਿਆਦਾ ਸਿਹਤ ਮੁਲਾਜ਼ਮਾਂ ਨੂੰ ਪਹਿਲੀ ਡੋਜ਼ ਤੇ 84.49 ਲੱਖ ਨੂੰ ਦੂਜੀ ਡੋਜ਼ ਵੀ ਦਿੱਤੀ ਜਾ ਚੁੱਕੀ ਹੈ।
previous post