ਨਵੀਂ ਦਿੱਲੀ – ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਕ ਆਰਟੀਆਈ ਦੇ ਜਵਾਬ ‘ਚ ਕਿਹਾ ਹੈ ਕਿ ਭਾਰਤ ‘ਚ 33 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ ਤੇ ਉਨ੍ਹਾਂ ‘ਚੋਂ ਅੱਧੇ ਤੋਂ ਵੱਧ ਗੰਭੀਰ ਤੌਰ ‘ਤੇ ਕੁਪੋਸ਼ਣ ਦੀ ਲਪੇਟ ‘ਚ ਆਏ ਹਨ। ਇਸ ਮਾਮਲੇ ‘ਚ ਮਹਾਰਾਸ਼ਟਰ, ਬਿਹਾਰ ਤੇ ਗੁਜਰਾਤ ਚੋਟੀ ‘ਤੇ ਹੈ।ਮੰਤਰਾਲੇ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਗ਼ਰੀਬਾਂ ‘ਚ ਸਭ ਤੋਂ ਗ਼ਰੀਬ ਵਿਅਕਤੀ ‘ਚ ਸਿਹਤ ਤੇ ਪੋਸ਼ਣ ਸੰਕਟ ਹੋਰ ਵੱਧ ਸਕਦਾ ਹੈ। ਮੰਤਰਾਲੇ ਦਾ ਅੰਦਾਜ਼ਾ ਹੈ ਕਿ 14 ਅਕਤੂਬਰ 2021 ਤਕ ਦੇਸ਼ ‘ਚ 17.76 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ 15.46 ਲੱਖ ਬੱਚੇ ਕੁਪੋਸ਼ਣ ਦੀ ਦਰਮਿਆਨੀ ਸ਼੍ਰੇਣੀ ‘ਚ ਆਉਂਦੇ ਹਨ। ਪੀਟੀਆਈ ਵੱਲੋਂ ਆਰਟੀਆਈ ਤਹਿਤ ਪੁੱਛ ਗਏ ਇਕ ਸਵਾਲ ਦੇ ਜਵਾਬ ‘ਚ ਮੰਤਰਾਲੇ ਨੇ ਕਿਾਹ ਕਿ 34 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ 33 ਲੱਖ ਤੋਂ ਵੱਧ ਕੁਪੋਸ਼ਣ ਦੇ ਸ਼ਿਕਾਰ ਹਨ। ਪੋਸ਼ਣ ਦੇ ਨਤੀਜਿਆਂ ਦੀ ਨਿਗਰਾਨੀ ਕਰਨ ਲਈ ਪਿਛਲੇ ਸਾਲ ਬਣਾਏ ਗਏ ਪੋਸ਼ਣ ਟ੍ਰੈਕਰ ਐਪ ਜ਼ਰੀਏ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਦਾ ਪਤਾ ਲੱਗਾ ਹੈ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਂਗਨਵਾੜੀ ਪ੍ਰਣਾਲੀ ‘ਚ 8.19 ਕਰੋੜ ਬੱਚਿਆਂ ‘ਚੋਂ ਸਿਰਫ 33 ਲੱਖ ਕੁਪੋਸ਼ਿਤ ਹਨ ਜੋ ਸਿਰਫ 4.04 ਫ਼ੀਸਦੀ ਹੈ। ਕੁਪੋਸ਼ਿਤ ਬੱਚਿਆਂ ਦੇ ਅੰਕੜਿਆਂ ਦੀ ਪਿਛਲੇ ਸਾਲ ਨਾਲ ਤੁਲਨਾ ਕਰਨ ‘ਤੇ ਪਤਾ ਲੱਗਦਾ ਹੈ ਕਿ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਇਕ ਸਾਲ ‘ਚ 91 ਫ਼ੀਸਦੀ ਦਾ ਵਾਧਾ ਹੋਇਆ ਹੈ। ਨਵੰਬਰ 2020 ‘ਚ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਗਿਣਤੀ 9.27 ਲੱਖ ਸੀ ਜੋ 14 ਅਕਤੂਬਰ 2021 ਨੂੰ ਵੱਧ ਕੇ 17.76 ਲੱਖ ਹੋ ਗਈ। ਹਾਲਾਂਕਿ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਦੋਵੇਂ ਅੰਕੜੇ ਡਾਟਾ ਦੀਆਂ ਵੱਖ-ਵੱਖ ਪ੍ਰਣਾਲੀਆਂ ‘ਤੇ ਆਧਾਰਤ ਹੈ।