ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ‘ਚ ਦੇਸ਼ ਨੂੰ ਇਕ ਹੋਰ ਵੈਕਸੀਨ ਮਿਲਣ ਦੀ ਉਮੀਦ ਵਧ ਗਈ ਹੈ। ਦੇਸ਼ ਦੀ ਪਹਿਲੀ ਐੱਮਆਰਐੱਨਏ ਅਧਾਰਤ ਵੈਕਸੀਨ ਦੇ ਦੂਜੇ ਤੇ ਤੀਜੇ ਪੜਾਅ ਦੇ ਕਲੀਨਿਕਲ ਟਰਾਇਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੈਵਤਕਨੀਕੀ ਵਿਭਾਗ (ਡੀਬੀਟੀ) ਮੁਤਾਬਕ ਇਸ ਵੈਕਸੀਨ ਨੂੰ ਪੁਣੇ ਸਥਿਤ ਜੇਨੋਵਾ ਬਾਇਓਫਾਰਮਾਸਿਊਟੀਕਲਸ ਲਿਮਟਿਡ ਨੇ ਵਿਕਸਿਤ ਕੀਤਾ ਹੈ। ਕੰਪਨੀ ਨੇ ਪਹਿਲੇ ਪੜਾਅ ਦੇ ਟਰਾਇਲ ਦੇ ਅੰਕੜੇ ਕੇਂਦਰੀ ਦਵਾ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ) ਕੋਲ ਜਮ੍ਹਾਂ ਕਰਵਾਏ ਸਨ। ਸੀਡੀਐੱਸਸੀਓ ਦੀ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਨੇ ਅੰਕੜਿਆਂ ਦੀ ਸਮੀਖਿਆ ਕੀਤੀ ਹੈ, ਜਿਸ ‘ਚ ਵੈਕਸੀਨ ਨੂੰ ਸੁਰੱਖਿਅਤ ਤੇ ਅਸਰਦਾਰ ਪਾਇਆ ਗਿਆ ਹੈ।
ਡੀਬੀਟੀ ਮੁਤਾਬਕ ਕੰਪਨੀ ਦੂਜੇ ਪੜਾਅ ਦਾ ਕਲੀਨਿਕਲ ਟਰਾਇਲ ਦੇਸ਼ ‘ਚ 10-15 ਥਾਵਾਂ ‘ਤੇ ਕਰੇਗੀ। ਜਦਕਿ ਤੀਜੇ ਪੜਾਅ ਦੀ ਪ੍ਰੀਖਣ 22-27 ਕੇਂਦਰਾਂ ‘ਤੇ ਕੀਤਾ ਜਾਵੇਗਾ। ਕੰਪਨੀ ਡੀਬੀਟੀ-ਆਈਸੀਐੱਮਆਰ ਦੀਆਂ ਸਹੂਲਤਾਂ ਦੀ ਵਰਤੋਂ ਕਰੇਗੀ। ਇਸ ਵੈਕਸੀਨ ਦੇ ਵਿਕਾਸ ਲਈ ਡੀਬੀਟੀ ਨੇ ਕੰਪਨੀ ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਹੈ।
ਡੀਬੀਟੀ ਦੀ ਸਕੱਤਰ ਤੇ ਜੈਵ ਤਕਨੀਕੀ ਉਦਯੋਗ ਸ਼ੋਧ ਸਹਾਇਤਾ ਕੌਂਸਲ (ਬੀਆਈਆਰਏਸੀ) ਦੀ ਪ੍ਰਮੁੱਖ ਰੇਣੂ ਸਵਰੂਪ ਨੇ ਕਿਹਾ ਕਿ ਇਹ ਦੇਸ਼ ਦੇ ਸਵਦੇਸ਼ੀ ਵੈਕਸੀਨ ਵਿਕਾਸ ਮਿਸ਼ਨ ‘ਚ ਅਹਿਮ ਮੀਲ ਦਾ ਪੱਥਰ ਹੈ ਤੇ ਇਹ ਭਾਰਤ ਨੂੰ ਨੋਵੇਲ ਵੈਕਸੀਨ ਵਿਕਾਸ ਦੇ ਵਿਸ਼ਵ ਨਕਸ਼ੇ ਰੱਖਦਾ ਹੈ।