ਨਵੀਂ ਦਿੱਲੀ – ਪੂਰੇ ਉੱਤਰ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਗਿਆ ਹੈ। ਮੌਸਮ ਵਿਭਾਗ ਨੇ ਅਨੁਮਾਨ ਲਾਇਆ ਹੈ ਕਿ ਆਉਣ ਵਾਲੇ ਦਿਨ ਗਰਮੀ ਹੋਰ ਵਧੇਗੀ ਅਤੇ ਕੁਝ ਹੋਰ ਦਿਨਾਂ ਤੱਕ ਦਿੱਲੀ ’ਚ ਲੂ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 28 ਮਈ ਤੱਕ ਗਰਮੀ ਅਤੇ ਲੂ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਆਉਣ ਵਾਲੇ 4 ਦਿਨਾਂ ਲਈ ਮੌਸਮ ਵਿਭਾਗ ਵਲੋਂ ਦਿੱਲੀ-ਐਨ.ਸੀ.ਆਰ. ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਗਰਮੀ ਦੇ ਚੱਲਦੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ 28 ਮਈ ਤੱਕ ਮੌਸਮ ਵਿਭਾਗ ਨੇ ਰਾਜਸਥਾਨ, ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਰਾਤ ਦੇ ਸਮੇਂ ਵੀ ਵੱਧ ਤੋਂ ਵੱਧ ਤਾਪਮਾਨ ਰਹਿਣ ਦਾ ਅਨੁਮਾਨ ਜਤਾਇਆ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਲੂ ਤੋਂ ਲੈ ਕੇ ਭਿਆਨਕ ਗਰਮੀ ਦੀ ਸਥਿਤੀ ਬਣੀ ਰਹੀ। ਭਿਆਨਕ ਗਰਮੀ ਅਤੇ ਲੂ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਦੇ 12 ਵਜੇ ਤੋਂ 3 ਵਜੇ ਤੱਕ ਘਰਾਂ ਅੰਦਰ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲੂ ਅਤੇ ਗਰਮੀ ਆਪਣੇ ਸਿਖਰ ’ਤੇ ਹੁੰਦੀ ਹੈ ਅਤੇ ਇਸ ਵਜ੍ਹਾਂ ਨਾਲ ਖ਼ੁਦ ਨੂੰ ਲੂ ਕਾਰਨ ਬੀਮਾਰ ਹੋਣ ਤੋਂ ਬਚਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਲੋਕ ਘਰਾਂ ਵਿਚ ਹੀ ਰਹਿਣ। ਗਰਮੀ ਤੋਂ ਬਚਣ ਲਈ ਲੋਕ ਨਿੰਬੂ ਪਾਣੀ, ਸ਼ਰਬਤ ਦਾ ਇਸਤੇਮਾਲ ਕਰਨ।
