ਦੱਖਣੀ ਅਫਰੀਕਾ – ਕੋਰੋਨਾ ਇਨਫੈਕਸ਼ਨ ਦੇ ਘੱਟ ਹੁੰਦੇ ਮਾਮਲਿਆਂ ਨੂੰ ਦੇਖ ਕੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਦੁਨੀਆ ‘ਚੋਂ ਕੋਰੋਨਾ ਮਹਾਮਾਰੀ ਜਲਦ ਹੀ ਖ਼ਤਮ ਹੋਣ ਵਾਲੀ ਹੈ ਤਾਂ ਅਜਿਹਾ ਸੋਚਣਾ ਗ਼ਲਤ ਹੋ ਸਕਦਾ ਹੈ ਕਿਉਂਕਿ ਕੋਰੋਨਾ ਦੇ ਅਲੱਗ-ਅਲੱਗ ਵੇਰੀਐਂਟਸ ਦਾ ਖ਼ਤਰਾ ਹਾਲੇ ਵੀ ਮੰਡਰਾ ਰਿਹਾ ਹੈ। ਹਾਲ ਹੀ ‘ਚ ਵਿਗਿਆਨੀਆਂ ਨੂੰ ਦੱਖਣੀ ਅਫਰੀਕਾ ‘ਚ ਕੋਰੋਨਾ ਵਾਇਰਸ ਦੇ ਇਕ ਅਜਿਹੇ ਵੇਰੀਐਂਟ ਦਾ ਪਤਾ ਚੱਲਿਆ ਹੈ ਜੋ ਹੁਣ ਤਕ ਸਭ ਤੋਂ ਜ਼ਿਆਦਾ ਵਾਰ ਮਿਊਟੇਟ ਹੋਇਆ ਹੈ। ਦੱਖਣੀ ਅਫਰੀਕਾ ਤੇ ਕਈ ਹੋਰ ਦੇਸ਼ਾਂ ‘ਚ ਪਾਏ ਗਏ ਇਕ ਨਵੇਂ COVID-19 ਵੇਰੀਐਂਟ C.1.2 ਨੇ ਸਿਹਤ ਮਾਹਿਰਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਤਾਜ਼ਾ ਖੋਜ ਅਨੁਸਾਰ C.1.2 ਵੇਰੀਐਂਟ ਜ਼ਿਆਦਾ ਇਨਫੈਕਟਿਡ ਹੋ ਸਕਦਾ ਹੈ ਤੇ ਮੌਜੂਦਾ ਸਮੇਂ ਸਾਰੇ ਕੋਰੋਨਾ ਵੈਕਸੀਨ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ।
ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜ਼ੀਜ਼ ਤੇ ਕਵਾਚੁਲੁ-ਨੇਟਲ ਰਿਸਰਚ ਇਨੋਵੇਸ਼ਨ ਐਂਡ ਸੀਕਵੈਂਸਿੰਗ ਪਲੇਟਫਾਰਮ ਵੱਲੋਂ ਕੀਤੀ ਗਈ ਖੋਜ ਮੁਤਾਬਤ ਕੋਰੋਨਾ ਵਾਇਰਸ ਦੇ C.1.2 ਵੇਰੀਐਂਟ ਦੇ ਬਾਰ ‘ਚ ਪਹਿਲੀ ਵਾਰ ਜਾਣਕਾਰੀ ਮਈ 2021 ‘ਚ ਸਾਹਮਣੇ ਆਈ ਸੀ ਜੋ ਕੋਰੋਨਾ ਵਾਇਰਸ ਦੇ ਕਈ ਵਾਰ ਮਿਊਟੇਟ ਹੋਣ ਕਾਰਨ ਬਣਿਆ ਸੀ। ਵਿਗਿਆਨੀਆਂ ਮੁਤਾਬਕ ਕੋਰੋਨਾ ਵਾਇਰਸ ਦਾ C.1.2 ਵੈਰੀਐਂਟ ਹੁਣ ਤਕ ਦਾ ਸਭ ਤੋਂ ਜ਼ਿਆਦਾ ਮਿਊਟੇਟ ਵੇਰੀਐਂਟ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਰਫ਼ ਦੱਖਣੀ ਅਫਰੀਕਾ ਹੀ ਨਹੀਂ, ਚੀਨ, ਇੰਗਲੈਂਡ, ਨਿਊਜ਼ੀਲੈਂਡ, ਪੁਰਤਗਾਲ, ਸਵਿਟਜ਼ਰਲੈਂਡ, ਕਾਂਗੋ ਤੇ ਮੌਰਿਸ਼ਸ ਵਰਗੇ ਹੋਰਨਾਂ ਦੇਸ਼ਾਂ ‘ਚ ਵੀ C.1.2 ਵੇਰੀਐਂਟ ਮਿਲ ਚੁੱਕਾ ਹੈ। ਵਿਗਿਆਨੀਆਂ ਨੇ ਕਿਹਾ ਕਿ ਬਹੁਤ ਘੱਟ ਸਮੇਂ ‘ਚ ਇਹ ਵੇਰੀਐਂਟ ਰੂਪ ਬਦਲ ਰਿਹਾ ਹੈ। C.1.2 ਵੇਰੀਐਂਟ ਨੇ N440K ਤੇ Y449H ਮਿਊਟੇਸ਼ਨ ਵੀ ਦਿਖਾਏ ਹਨ, ਜੋ COVID-19 ਟੀਕਿਆਂ ਕਾਰਨ ਤਿਆਰ ਹੋਏ ਐਂਟੀਬਾਡੀ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ। ਜਦੋਂ ਵਿਗਿਆਨੀਆਂ ਨੂੰ ਪੁੱਛਿਆ ਗਿਆ ਕਿ ਕੀ ਇਹ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਸਮਾਨ ਹੀ ਜ਼ਿਆਦਾ ਖ਼ਤਰਨਾਕ ਹੈ, ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਫਿਲਹਾਲ ਹੋਰ ਖੋਜ ਦੀ ਲੋੜ ਹੈ।