ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ’ਚ ਕਬਜ਼ਿਆਂ ਤੇ ਨਜਾਇਜ਼ ਉਸਾਰੀਆਂ ਖ਼ਿਲਾਫ਼ ਬੁਲਡੋਜ਼ਰ ਲਗਾਤਾਰ ਚੱਲ ਰਿਹਾ ਹੈ। ਉੱਤਰੀ ਅਤੇ ਪੂਰਬੀ ਦਿੱਲੀ ਨਗਰ ਨਿਗਮ ਤੋਂ ਬਾਅਦ ਹੁਣ ਦੱਖਣੀ ਦਿੱਲੀ ਨਗਰ ਨਿਗਮ ਨੇ ਵੀ ਕਬਜ਼ਿਆਂ ਤੇ ਨਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਤੋਂ ਕਬਜ਼ਿਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸੇ ਕਾਰਵਾਈ ਤਹਿਤ ਦੱਖਣੀ ਦਿੱਲੀ ਨਗਰ ਨਿਗਮ ਨੇ ਤੁਗਲਕਾਬਾਦ ਦੇ ਕਰਣੀ ਸਿੰਘ ਸ਼ੂਟਿੰਗ ਰੇਂਜ ਇਲਾਕੇ ’ਚ ਨਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਬਾਅਦ ਕਈ ਹੋਰ ਖੇਤਰਾਂ ’ਚ ਵੀ ਕਬਜ਼ੇ ਹਟਾਏ ਜਾਣਗੇ। ਇਹ ਕਾਰਵਾਈ 13 ਮਈ ਤਕ ਜਾਰੀ ਰਹੇਗੀ।
ਤਾਜ਼ਾ ਜਾਣਕਾਰੀ ਅਨੁਸਾਰ ਓਖਲਾ ਤੇ ਸ਼ਾਹੀਨ ਬਾਗ ’ਚ ਕਬਜ਼ੇ ਹਟਾਉਣ ਲਈ ਐੱਸਡੀਐੱਮਸੀ ਨੇ ਐਕਸ਼ਨ ਪਲਾਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਸੰਕੇਤ ਵੀ ਮਿਲ ਗਿਆ ਹੈ ਕਿ ਕਬਜ਼ਾ ਕਰਨ ਵਾਲੇ ਆਪਣਾ ਸਾਮਾਨ ਇਕੱਠਾ ਕਰ ਲੈਣ, ਨਹੀਂ ਤਾਂ ਸਾਮਾਨ ਜ਼ਬਤ ਕਰ ਲਿਆ ਜਾਵੇਗਾ।
ਰਾਜਪਾਲ ਸਿੰਘ (ਕਾਰਪੋਰੇਸ਼ਨ ’ਚ ਸਥਾਈ ਕਮੇਟੀ ਦੇ ਉਪ ਚੇਅਰਮੈਨ) ਨੇ ਦੱਸਿਆ ਕਿ ਐੱਸਡੀਐੱਮਸੀ ਦੱਖਣੀ ਦਿੱਲੀ ਦੇ ਕਈ ਹਿੱਸਿਆਂ ’ਚ 4 ਮਈ ਯਾਨੀ ਬੁੱਧਵਾਰ ਤੋਂ 13 ਮਈ ਤਕ ਕਬਜ਼ਿਆਂ ਵਿਰੁੱਧ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰੇਗੀ। ਇਸ ਸਬੰਧੀ ਦੱਖਣੀ ਅਤੇ ਦੱਖਣੀ ਪੂਰਬੀ ਦੇ ਦਾ ਸਾਬਕਾ ਡੀਸੀਪੀ ਨੂੰ ਪੱਤਰ ਲਿਖਿਆ ਗਿਆ ਹੈ। ਇਸ ਤਹਿਤ ਦੱਖਣੀ ਦਿੱਲੀ ਨਗਰ ਨਿਗਮ 6 ਮਈ ਨੂੰ ਓਖਲਾ ਇਲਾਕੇ ’ਚ ਅਤੇ 9 ਨੂੰ ਸ਼ਾਹੀਨ ਬਾਗ਼ ’ਚ ਕਬਜ਼ਿਆਂ ਤੇ ਗ਼ੈਰ-ਕਾਨੂੰਨੀ ਨਿਰਮਾਣ ਖ਼ਿਲਾਫ਼ ਕਾਰਵਾਈ ਕਰੇਗੀ। ਇਸ ਦੌਰਾਨ ਬੁਲਡੋਜ਼ਰ ਜ਼ਰੀਏ ਨਜਾਇਜ਼ ਉਸਾਰੀਆਂ ਨੂੰ ਹਟਾ ਦਿੱਤਾ ਜਾਵੇਗਾ। ਕਾਰਵਾਈ ਦੌਰਾਨ ਫੁੱਟਪਾਥਾਂ, ਪਾਰਕਾਂ, ਸੜਕਾਂ ਤੋਂ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰ ਕੇ ਕੀਤੀ ਉਸਾਰੀ ਨੂੰ ਢਾਹੁਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕੇਂਦਰੀ ਜ਼ੋਨ ਦੇ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਨੇ ਦੱਖਣੀ ਅਤੇ ਦੱਖਣ-ਪੂਰਬੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲੋੜੀਂਦੀ ਗਿਣਤੀ ’ਚ ਪੁਲਿਸ ਬਲ ਮੁਹੱਈਆ ਕਰਵਾਇਆ ਜਾਣ। ਸੈਂਟਰਲ ਜ਼ੋਨ ਦੇ ਚੇਅਰਮੈਨ ਰਾਜਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 4 ਤੋਂ 13 ਮਈ ਤਕ ਕਾਰਵਾਈ ਕੀਤੀ ਜਾਵੇਗੀ। ਅਗਲੇ ਪੜਾਅ ਲਈ ਐਕਸ਼ਨ ਪਲਾਨ ਵੀ ਜਲਦੀ ਤਿਆਰ ਕੀਤਾ ਜਾਵੇਗਾ।
