ਜ਼ਿੰਦਗੀ ਦੇ ਹਰ ਪੜਾਅ ਦੀ ਆਪਣੀ ਇੱਕ ਮਹੱਤਤਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਅਣਮੁੱਲਾ ਸਫ਼ਰ ਬਚਪਨ ਦਾ ਹੁੰਦਾ ਹੈ। ਜਿਸ ਵਿੱਚ ਕੋਈ ਫ਼ਿਕਰ, ਚਿੰਤਾ, ਡਰ ਨਹੀਂ ਹੁੰਦਾ। ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੁੰਦੀ। ਕੋਈ ਬਹੁਤੀਆਂ ਖਵਾਹਿਸ਼ਾ ਵੀ ਨਹੀਂ ਹੁੰਦੀਆਂ। ਕਿਸੇ ਵੱਲੋਂ ਦਿੱਤਾ ਇੱਕ ਰੁਪਇਆ ਵੀ ਅਜਿਹੀ ਖੁਸ਼ੀ ਦੇ ਜਾਂਦਾ ਜਿਸ ਦੀ ਕੋਈ ਸੀਮਾ ਨਾ ਹੁੰਦੀ। ਬਚਪਨ ਹੈ ਹੀ ਏਨਾ ਪਿਆਰਾ। ਪਰ ਜੇਕਰ ਦੇਖਿਆ ਜਾਵੇ ਤਾਂ ਬਚਪਨ ਨੀਂਹ ਪੱਥਰ ਵੀ ਹੈ। ਜੀਵਨ ਦਾ ਅਧਾਰ ਵੀ ਹੈ ਬਚਪਨ। ਇੱਕ ਬੱਚਾ ਜਦੋਂ ਤੋਂ ਹੋਸ਼ ਸੰਭਾਲਦਾ ਹੈ , ਉਦੋਂ ਤੋਂ ਉਹ ਆਪਣੇ ਆਲੇ ਦੁਆਲੇ ਦਾ ਪ੍ਰਭਾਵ ਕਬੂਲਣ ਲੱਗਦਾ ਹੈ। ਉਸਦੇ ਇਰਦ ਗਿਰਦ ਘਟਨ ਵਾਲੀ ਹਰ ਘਟਨਾ ਦਾ ਉਸ ਉੱਪਰ ਬਹੁਤ ਤੀਬਰ ਅਸਰ ਹੁੰਦਾ ਹੈ।ਮੈਂ ਅਕਸਰ ਸੋਚਦੀ ਹੁੰਦੀ ਹਾਂ ਕਿ ਕਈ ਬਿੱਲਕੁਲ ਛੋਟੀ ਉਮਰ ਦੇ ਬੱਚੇ ਗਾਲ੍ਹਾਂ ਕੱਢਦੇ ਹੁੰਦੇ ਹਨ, ਉਸ ਸਮੇਂ ਮੇਰੀ ਹੈਰਾਨਗੀ ਦੀ ਕੋਈ ਸੀਮਾ ਨਹੀਂ ਰਹਿੰਦੀ ਜਦੋਂ ਮਾਪਿਆਂ ਵੱਲੋਂ ਬੱਚਿਆਂ ਨੂੰ ਰੋਕਣ ਟੋਕਣ ਦੀ ਬਜਾਇ ਅੱਗੋਂ ਹੱਸ ਕੇ ਦਿਖਾਇਆ ਜਾਂਦਾ ਹੈ। ਬੱਚੇ ਨੂੰ ਸਹੀ ਗਲਤ ਦੀ ਕੋਈ ਸਮਝ ਨਹੀਂ ਹੁੰਦੀ, ਮਾਪਿਆਂ ਦੇ ਹਾਸੇ ਤੋਂ ਉਸਦੇ ਦਿਮਾਗ ਨੂੰ ਇਹ ਸੰਕੇਤ ਜਾਂਦਾ ਹੈ ਕਿ ਸ਼ਾਇਦ ਜੋ ਉਹ ਕਰ ਰਿਹਾ ਹੈ ਉਹ ਬਿਲਕੁਲ ਸਹੀ ਹੈ।
ਧਿਆਨ ਮੰਗਦਾ ਬਚਪਨ
ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗਾਲ੍ਹਾਂ ਕੱਢਣਾ ਜਾਂ ਹੋਰ ਅਜਿਹੀਆਂ ਹਰਕਤਾਂ ਬੱਚੇ ਘਰ ਤੋਂ ਹੀ ਸਿਖਦੇ ਹਨ। ਬਚਪਨ ਇੱਕ ਸਾਚਾਂ ਹੈ, ਜਿਵੇਂ ਦੀ ਸੋਚ ਬਚਪਨ ਵਿੱਚ ਹੋਵੇਗੀ, ਭਵਿੱਖ ਵਿੱਚ ਬੱਚੇ ਦੀ ਸ਼ਖਸੀਅਤ ਉਸਦਾ ਹੀ ਨਤੀਜਾ ਹੋਵੇਗੀ। ਮਾਤਾ ਪਿਤਾ ਨੂੰ ਇੱਕ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਕੀ ਉਹ ਇੱਕ ਬੱਚੇ ਨੂੰ ਵਧੀਆ ਇਨਸਾਨ ਬਨਾਉਣ ਦੇ ਕਾਬਿਲ ਹਨ, ਕੀ ਉਹ ਆਪਣੇ ਬੱਚੇ ਦੀ ਅਜਿਹੀ ਪਰਵਰਿਸ਼ ਕਰਨ ਦੇ ਕਾਬਿਲ ਹਨ ਕਿ ਉਹ ਭਵਿੱਖ ਵਿੱਚ ਸਮਾਜ ਨੂੰ ਇੱਕ ਜਿੰਮੇਵਾਰ ਨਾਗਰਿਕ ਦੇਣਗੇ।
ਬਚਪਨ ਬਹੁਤ ਧਿਆਨ ਮੰਗਦਾ ਹੈ। ਮੈਂ ਅਕਸਰ ਔਲਾਦ ਹੱਥੋਂ ਦੁਖੀ ਮਾਪਿਆਂ ਨੂੰ ਕਹਿੰਦੇ ਸੁਣਿਆ ਹੈ ਕਿ ਅਸੀਂ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ, ਪਰ ਫਿਰ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ। ਮੇਰਾ ਜਵਾਬ ਇਹ ਹੈ ਕਿ ਵਧੀਆ ਖਾਣ ਪਾਣ, ਸੁਖ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੀ ਸਹੀ ਪਰਵਰਿਸ਼ ਦੀਆਂ ਨਿਸ਼ਾਨੀਆਂ ਨਹੀਂ ਹਨ! ਬੱਚੇ ਨੂੰ ਸਹੀ ਗਲਤ ਵਿੱਚ ਅੰਤਰ ਸਮਝਾਉਣਾ, ਘਰ ਦਾ ਮਾਹੌਲ ਸਾਰਥਕ ਰੱਖਣਾ, ਬੱਚੇ ਨਾਲ ਸਮਾਂ ਬਿਤਾਉਣਾ, ਉਸਦੇ ਹਰ ਕਾਰ ਵਿਹਾਰ ਤੇ ਨਜ਼ਰ ਰੱਖਣੀ, ਗਲਤੀ ਤੇ ਝਿੜਕਣਾ ਅਤੇ ਸਹੀ ਹੋਣ ਤੇ ਉਸਦੇ ਪੱਖ ਵਿੱਚ ਖੜਨਾ, ਬੱਚੇ ਨੂੰ ਜਿੰਮੇਵਾਰ ਬਣਾਉਣ ਲਈ ਉਸਨੂੰ ਆਪਣੇ ਕੰਮ ਆਪ ਕਰਨ ਲਈ ਪ੍ਰੇਰਿਤ ਕਰਨਾ, ਔਰਤਾਂ ਦੀ ਇੱਜ਼ਤ ਕਰਨ ਦਾ ਸਬਕ ਦੇਣਾ ਅਜਿਹੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਨ ਜੋ ਧਿਆਨ ਦੇਣ ਹਿੱਤ ਹੁੰਦੀਆਂ ਹਨ। ਪਰੰਤੂ ਬਹੁਤ ਘੱਟ ਮਾਤਾ ਪਿਤਾ ਹਨ ਜੋ ਇਸਨੂੰ ਸਮਝਦੇ ਹਨ, ਕਿਉਂਕਿ ਮਾਪੇ ਆਪਣੀ ਜ਼ਿੰਦਗੀ ਵਿੱਚ ਹੀ ਏਨੇ ਵਿਅਸਤ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਵੀ ਸਮਾਂ ਨਹੀਂ ਹੈ।
ਬਚਪਨ ਇੱਕ ਬਿਲਕੁਲ ਛੋਟੇ ਪੌਦੇ ਵਰਗਾ ਹੈ, ਜਿਸ ਨੂੰ ਸ਼ੁਰੂਆਤ ਵਿੱਚ ਸਮੇਂ ਸਿਰ ਖਾਦ ਪਾਣੀ ਦੀ ਜਰੂਰਤ ਹੁੰਦੀ ਹੈ, ਜੇਕਰ ਸਮੇਂ ਸਿਰ ਪੌਦੇ ਨੂੰ ਧਿਆਨ ਨਾਲ ਖੁਰਾਕ ਮਿਲਦੀ ਰਹਿੰਦੀ ਹੈ ਤਾਂ ਸਮਾਂ ਪਾ ਕੇ ਉਸਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ , ਬਿਲਕੁਲ ਏਸੇ ਤਰ੍ਹਾਂ ਜੇਕਰ ਬਚਪਨ ਵਿੱਚ ਬੱਚੇ ਨੂੰ ਸਹੀ ਧਿਆਨ, ਸਾਰਥਕ ਵਾਤਾਵਰਣ, ਵਧੀਆ ਸੰਸਕਾਰ, ਸਹਿਯੋਗ ਮਿਲਦਾ ਰਹੇ ਤਾਂ ਭਵਿੱਖ ਵਿੱਚ ਸਮਾਜ ਨੂੰ ਇੱਕ ਜਿੰਮੇਵਾਰ ਨਾਗਰਿਕ ਮਿਲ ਜਾਂਦਾ ਹੈ। ਇੱਕ ਨਵਾਂ ਰੁਝਾਨ ਜੋ ਅੱਜਕੱਲ ਦੇ ਮਾਤਾ ਪਿਤਾ ਅਤੇ ਬੱਚਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਉਹ ਬੱਚਿਆਂ ਨੂੰ ਮੋਬਾਈਲ ਫੋਨ ਦੀ ਚੇਟਕ ਲੱਗਣਾ। ਖਾਸ ਕਰ ਮਾਵਾਂ ਵੱਲੋਂ ਬੱਚੇ ਨੂੰ ਸਮਾਂ ਨਾ ਦੇਣਾ ਪਵੇ , ਉਹ ਬੱਚੇ ਨੂੰ ਮੋਬਾਈਲ ਫੋਨਾਂ ਦੇ ਸਹਾਰੇ ਛੱਡ ਦਿੰਦੀਆਂ ਹਨ, ਜੋ ਬੱਚੇ ਦੇ ਮਾਨਸਿਕ ਬੋਧਿਕ ਅਤੇ ਸਰੀਰਕ ਵਿਕਾਸ ਉੱਪਰ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ।
ਬਚਪਨ ਜ਼ਿੰਦਗੀ ਦਾ ਅਣਮੋਲ ਅਹਿਸਾਸ ਤੇ ਸਫ਼ਰ ਹੈ, ਇਸ ਵਿੱਚ ਪਦਾਰਥਾਂ ਜਾਂ ਸਹੂਲਤਾਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ,ਪਰ ਸਨੇਹ, ਸੰਸਕਾਰ ਅਤੇ ਧਿਆਨ ਤੋਂ ਬਿਨਾਂ ਨਹੀਂ ਕਿਉਂਕਿ ਬਚਪਨ ਧਿਆਨ ਮੰਗਦਾ ਹੈ।