ਯਰੁਸ਼ਲਮ – ਕੋਰੋਨਾ ਦੇ ਨਵੇਂ ਵੇਰੀਐੰਟ ਓਮੀਕ੍ਰੋਨ ਦੇ ਪਸਾਰ ਨੂੰ ਰੋਕਣ ਲਈ ਦੁਨੀਆ ਭਰ ’ਚ ਯਤਨ ਤੇਜ਼ ਹੋ ਗਏ ਹਨ। ਇਜ਼ਰਾਈਲ ਨੇ ਕੋਰੋਨਾ ਰੋਕੂ ਵੈਕਸੀਨ ਦੀ ਚੌਥੀ ਡੋਜ਼ ਲਗਾਉਣ ਦਾ ਫ਼ੈਸਲਾ ਕੀਤਾ ਹੈ ਜਿਹੜੀ ਦੂਜੀ ਬੂਸਟਰ ਡੋਜ਼ ਹੋਵੇਗੀ। 60 ਸਾਲ ਤੋਂ ਵੱਧ ਉਮਰ ਦੇ ਸਿਹਤ ਮੁਲਾਜ਼ਮਾਂ ਨੂੰ ਪਹਿਲਾਂ ਇਹ ਡੋਜ਼ ਲਗਾਈ ਜਾਵੇਗੀ। ਪੂਰਨ ਜਾਂ ਅੰਸ਼ਕ ਲਾਕਡਾਊਨ ਦੇ ਨਾਲ ਹੀ ਸਖ਼ਤ ਪਾਬੰਦੀਆਂ ਦਾ ਦੌਰ ਵੀ ਪਰਤਣ ਲੱਗਿਆ ਹੈ, ਹਾਲਾਂਕਿ ਕੁਝ ਦੇਸ਼ਾਂ ’ਚ ਸਖ਼ਤ ਪਾਬੰਦੀਆਂ ਲਗਾਉਣ ਦਾ ਵਿਰੋਧ ਵੀ ਹੋ ਰਿਹਾ ਹੈ। ਇਜ਼ਰਾਈਲ ਦੇ ਸਿਹਤ ਮੰਤਰਾਲੇ ਦੇ ਮਾਹਰਾਂ ਦੇ ਪੈਨਲ ’ਚ ਸ਼ਾਮਿਲ ਡਾ. ਅਰਨਾਨ ਸ਼ਹਿਰ ਨੇ ਕਿਹਾ ਕਿ ਓਮੀਕ੍ਰੋਨ ਇਨਫੈਕਸ਼ਨ ਖ਼ਿਲਾਫ਼ ਸੁਰੱਖਿਆ ’ਚ ਕਮੀ ਨਜ਼ਰ ਆ ਰਹੀ ਹੈ। ਹੈਰਾਨੀ ਭਰੇ ਤਰੀਕੇ ਨਾਲ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਪੈਨਲ ਦੇ 80 ਫ਼ੀਸਦੀ ਤੋਂ ਵੱਧ ਮੈਂਬਰ ਨਾਗਰਿਕਾਂ ਦੀ ਚੌਥੀ ਡੋਜ਼ ਲਗਾਉਣ ਦੇ ਸਮਰਥਨ ’ਚ ਹਨ।ਦੁਨੀਆ ਭਰ ’ਚ ਵਿਗਿਆਨੀ ਬੂਸਟਰ ਡੋਜ਼ ਲਗਾਉਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਮੁਤਾਬਕ ਓਮੀਕਰੋਨ ਵੇਰੀਐਂਟ ਨਾਲ ਬੂਸਟਰ ਡੋਜ਼ ਬਹੁਤ ਹੱਦ ਤਕ ਸੁਰੱਖਿਆ ਦੇ ਸਕਦੀ ਹੈ। ਹਾਲਾਂਕਿ ਨਵੇਂ ਵੇਰੀਐਂਟ ਖ਼ਿਲਾਫ਼ ਮੌਜੂਦਾ ਵੈਕਸੀਨ ਦੇ ਅਸਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਓਮੀਕ੍ਰੋਨ ਦੇ ਪਸਾਰ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਗਾਉਣ ਵਰਗੇ ਕਦਮ ਵੀ ਚੁੱਕੇ ਜਾਣ ਲੱਗੇ ਹਨ। ਨੀਦਰਲੈਂਡ, ਆਇਰਲੈਂਡ, ਜਰਮਨੀ ਤੇ ਸਕਾਟਲੈਂਡ ਵਰਗੇ ਦੇਸ਼ਾਂ ਨੇ ਪੂਰਨ ਜਾਂ ਅੰਸ਼ਕ ਲਾਕਡਾਊਨ ਲਗਾ ਦਿੱਤਾ ਹੈ ਤੇ ਆਸਟ੍ਰੀਆ, ਬੈਲਜੀਅਮ, ਚੈੱਕ ਗਣਰਾਜ ਤੇ ਸਪੇਨ ਸਮੇਤ ਕਈ ਹੋਰ ਦੇਸ਼ ਸਖ਼ਤ ਉਪਾਅ ਲਾਗੂ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਦੱਖਣੀ ਕੋਰੀਆ ’ਚ ਕਾਰੋਬਾਰੀਆਂ ਨੇ ਸਖ਼ਤ ਪਾਬੰਦੀਆਂ ਦਾ ਵਿਰੋਧ ਕੀਤਾ ਹੈ।