ਸਿਓਲ – ਉੱਤਰੀ ਕੋਰੀਆ ਨੇ ਆਪਣੀ ਰੱਖਿਆ ਸਮਰੱਥਾ ਮਜ਼ਬੂਤ ਕਰਨ ਲਈ ਤੋਪ ਨਾਲ ਗ਼ੋਲੇ ਦਾਗ਼ਣ ਦਾ ਅਭਿਆਸ ਕੀਤਾ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਕਿਹਾ ਕਿ ਇਹ ਕਦਮ ਨਵੇਂ ਹਥਿਆਰਾਂ ਦੀ ਜਾਂਚ ਤਹਿਤ ਉਠਾਇਆ ਗਿਆ ਹੈ। ਅਮਰੀਕਾ ਤੇ ਦੱਖਣੀ ਕੋਰੀਆ ‘ਤੇ ਪਿਓਂਗਯਾਂਗ ਆਪਣੇ ਖ਼ਿਲਾਫ਼ ਅਪਣਾਈ ਜਾ ਰਹੀ ਦੁਸ਼ਮਣੀ ਦੀ ਨੀਤੀ ਤਿਆਗਣ ਦਾ ਦਬਾਅ ਬਣਾਏ ਹੋਏ ਹੈ।
ਮੈਕੇਨਾਈਜ਼ਡ ਯੂਨਿਟਾਂ ਵਿਚਾਲੇ ਸ਼ਨਿਚਰਵਾਰ ਨੂੰ ਤੋਪਾਂ ਨਾਲ ਗੋਲ਼ੇ ਦਾਗਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰਰੋਗਰਾਮ ‘ਚ ਸਰਕਾਰ ਤੇ ਫ਼ੌਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਅਧਿਕਾਰਿਤ ਕੋਰੀਆਈ ਸੈਂਟਰਲ ਨਿਊਜ਼ ਏਜੰਸੀ ਦੀ ਰਿਪੋਰਟ ‘ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਜ਼ਿਕਰ ਨਹੀਂ ਕੀਤਾ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਅਭਿਆਸ ਦੇਖਣ ਲਈ ਮੌਜੂਦ ਨਹੀਂ ਸਨ। ਪਿਛਲੇ ਸਾਲ ਉਹ ਇਸੇ ਤਰ੍ਹਾਂ ਦੇ ਅਭਿਆਸ ‘ਚ ਮੌਜੂਦ ਸਨ।
ਨਿਊਜ਼ ਏਜੰਸੀ ਨੇ ਕਿਹਾ ਕਿ ਇਸ ਸਾਲ ਦਾ ਅਭਿਆਸ ਮੈਕੇਨਾਈਜ਼ਡ ਯੂਨਿਟਾਂ ਦੀ ਉਨ੍ਹਾਂ ਦੀ ਮੋਬਾਈਲ ਲੜਾਕੂ ਸਮਰੱਥਾ ‘ਚ ਤਰੱਕੀ ਦੀ ਜਾਂਚ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਮੁਕਾਬਲੇ ਲਈ ਉੱਤਰੀ ਕੋਰੀਆਈ ਫ਼ੌਜ ਦੀ ਮੁਕੰਮਲ ਟ੍ਰੇਨਿੰਗ ਤੇਜ਼ ਕਰਨ ਉਦੇਸ਼ ਹੈ। ਸਤੰਬਰ ਤੋਂ ਉੱਤਰੀ ਕੋਰੀਆ ਨੇ ਕਈ ਨਵੀਆਂ ਮਿਜ਼ਾਈਲਾਂ ਦਾ ਤਜਰਬਾ ਕੀਤਾ ਹੈ। ਇਨ੍ਹਾਂ ਮਿਜ਼ਾਈਲਾਂ ‘ਚ ਪਰਮਾਣੂ ਸਮਰੱਥਾ ਨਾਲ ਲੈਸ ਉਹ ਹਥਿਆਰ ਵੀ ਸ਼ਾਮਲ ਹਨ ਜਿਨ੍ਹਾਂ ਦੀ ਮਾਰੂ ਹੱਦ ‘ਚ ਅਮਰੀਕਾ ਦਾ ਸਹਿਯੋਗੀ ਦੱਖਣੀ ਕੋਰੀਆ ਤੇ ਜਾਪਾਨ ਵੀ ਆਉਂਦਾ ਹੈ।