ਆਕਲੈਂਡ – ਅੰਮ੍ਰਿਤਸਰ ਦੇ ਜੰਮਪਲ ਤੇ 12ਵੀਂ ਤਕ ਦੀ ਪੜ੍ਹਾਈ ਮਗਰੋਂ ਨਿਊਜ਼ੀਲੈਂਡ ਪੁੱਜੇ ਜ਼ੋਰਾਵਰ ਸਿੰਘ ਅੱਜ ਇਕ ਕਾਮਯਾਬ ਸ਼ਖ਼ਸ ਵਜੋਂ ਜਾਣੇ ਜਾਂਦੇ ਹਨ। ਅੱਜ ਨਿਊਜ਼ੀਲੈਂਡ ਦੇ ਪੁਲਿਸ ਵਿਭਾਗ ’ਚ ਪੁਲਿਸ ਅਫ਼ਸਰ ਦੇ ਤੌਰ ’ਤੇ ਕੰਮ ਕਰਦੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਇਹ ਕਾਮਯਾਬੀ ਉਨ੍ਹਾਂ ਦੀ ਲਗਨ ਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੂੰ ਜ਼ਿੰਦਗੀ ’ਚ ਕਾਫ਼ੀ ਸੰਘਰਸ਼ ਕਰਨਾ ਪਿਆ। ਸਕੂਲ ਦੇ ਦਿਨਾਂ ’ਚ ਖੇਡਾਂ ਵੱਲ ਰੁਚੀ ਹੋਣ ਕਾਰਨ ਕਰਾਟੇ ਦੀ ਖੇਡ ’ਚ ਹਿੱਸਾ ਲੈਣਾ ਸ਼ੁਰੂ ਕੀਤਾ। ਪੰਜਵੀਂ ਜਮਾਤ ’ਚ ਪੜ੍ਹਨ ਦੌਰਾਨ ਹੀ ਬਲੈਕ ਬੈਲਟ ਹਾਸਲ ਕਰ ਲਈ। ਦੋ ਵਾਰ ਰਾਸ਼ਟਰੀ ਚੈਂਪੀਅਨ ਵੀ ਰਹੇ। ਫਾਈਨਲ ਮੈਚ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਪੀਜੀਆਈ ਦੇ ਡਾ. ਢਿੱਲੋਂ ਨੇ ਉਨ੍ਹਾਂ ਦੀ ਸਰਜਰੀ ਕੀਤੀ। ਸਰਜਰੀ ਮਗਰੋਂ ਵੀ ਖੇਡਾਂ ’ਚ ਰੁਚੀ ਘੱਟ ਨਾ ਹੋਈ ਤੇ ਅਭਿਆਸ ਜਾਰੀ ਰੱਖਿਆ।
11ਵੀਂ ਜਮਾਤ ’ਚ ਕਾਮਰਸ ਵਿਸ਼ੇ ’ਚ ਦਾਖ਼ਲਾ ਲੈਣਾ ਚਾਹਿਆ ਤਾਂ ਪਿ੍ਰੰਸੀਪਲ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਕ ਖਿਡਾਰੀ ਨੂੰ ਕਾਮਰਸ ਵਿਸ਼ੇ ਨਹੀਂ ਦਿੱਤੇ ਜਾ ਸਕਦੇ। ਇਸ ਨਾਲ ਸਕੂਲ ਦੇ ਨਤੀਜਿਆਂ ’ਤੇ ਅਸਰ ਪੈ ਸਕਦਾ ਹੈ। ਇਸ ਤੋਂ ਬਾਅਦ ਸਪਰਿੰਗਡੇਲ ਸਕੂਲ ਦੇ ਪ੍ਰਿੰਸੀਪਲ ਡਾ. ਸੰਧੂ ਨੇ ਉਨ੍ਹਾਂ ਨੂੰ ਦਾਖ਼ਲਾ ਦਿੱਤਾ। ਇੱਥੇ ਵੀ ਸਕੂਲ ਦੀ ਭੰਗੜਾ ਟੀਮ ’ਚ ਢੋਲੀ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਿਨਾਂ ਕਿਸੇ ਸਿਖਲਾਈ ਤੋਂ ਪੈਂਸਿਲ ਆਰਟ ਤੇ ਸੰਗੀਤ ਦੇ ਖੇਤਰ ’ਚ ਵੀ ਮੱਲਾਂ ਮਾਰੀਆਂ। 12ਵੀਂ ’ਚੋਂ 80 ਫ਼ੀਸਦੀ ਨੰਬਰਾਂ ’ਚ ਪਾਸ ਹੋਏ। ਇਸ ਤੋਂ ਬਾਅਦ ਨਿਊਜ਼ੀਲੈਂਡ ਸਕੂਲ ਆਫ ਕੁਲੀਨਰੀ ਆਰਟਸ ਕੇਰੀ ਕੇਰੀ, ਨਿਊਜ਼ੀਲੈਂਡ ’ਚ ਦਾਖ਼ਲਾ ਲੈ ਲਿਆ। ਇੱਥੇ ਜਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇੱਥੇ ਕੁਲੀਨਰੀ ਆਰਟਸ ਦੇ ਖੁੱਲ੍ਹੇ ਮੁਕਾਬਲੇ ’ਚ ਗੋਲਡ ਮੈਡਲ ਜਿੱਤਿਆ। ਉਸੇ ਦੌਰਾਨ ਹੀ ਮਿਲੇਨੀਅਮ ਗਰੁੱਪ ਵੱਲੋਂ ਉਨ੍ਹਾਂ ਨੂੰ ਪੱਕੀ ਨੌਕਰੀ ਦੀ ਪੇਸ਼ਕਸ਼ ਹੋਈ। ਮਿਲੇਨੀਅਮ ਗਰੁੱਪ ਨਿਊਜ਼ੀਲੈਂਡ ਦੀ ਇਕ ਪ੍ਰਮੁੱਖ ਹੋਟਲ ਕਾਰੋਬਾਰ ਚੇਨ ਹੈ। ਇਸ ਦੌਰਾਨ ਉਨ੍ਹਾਂ ਨੇ ਪਾਹੀਆ, ਹੈਮਿਲਟਨ, ਕੁਈਨਜ਼ਟਾਊਨ ਤੇ ਆਕਲੈਂਡ ਸ਼ਹਿਰਾਂ ’ਚ ਸ਼ੈੱਫ ਦੇ ਤੌਰ ’ਤੇ ਕੰਮ ਕੀਤਾ। ਅੰਗਰੇਜ਼ੀ ਤੇ ਫਰੈਂਚ ਖਾਣੇ ਬਣਾਉਣ ’ਚ ਵੀ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਹੋਟਲ ਕਾਰੋਬਾਰ ਠੱਪ ਹੋ ਚੁੱਕੇ ਸਨ। ਇਸੇ ਦੌਰਾਨ ਪੁਲਿਸ ਅਫ਼ਸਰ ਦੀਆਂ ਭਰਤੀਆਂ ਲਈ ਹੋਏ ਮੁਕਾਬਲੇ ’ਚ ਉਨ੍ਹਾਂ ਨੇ ਅਪਲਾਈ ਕੀਤਾ। ਇਸ ਵਾਸਤੇ ਹੋਏ ਟੈਸਟ ਵਿਚੋਂ ਸਿਰਫ਼ 17 ਫ਼ੀਸਦੀ ਬਿਨੈਕਾਰ ਹੀ ਚੁਣੇ ਗਏ। ਉਨ੍ਹਾਂ ’ਚੋਂ ਇਕ ਜ਼ੋਰਾਵਰ ਸਿੰਘ ਵੀ ਸੀ। ਉਨ੍ਹਾਂ ਦੱਸਿਆ ਕਿ ਫਾਈਨਲ ਚੋਣ ਤੋਂ ਪਹਿਲਾਂ ਬਹੁਤ ਹੀ ਸਖ਼ਤ ਟ੍ਰੇਨਿੰਗ ਹੋਈ। ਹਾਲਾਂਕਿ ਕਰਾਟੇ ਖੇਡਣ ਦੌਰਾਨ ਲੱਗੀ ਸੱਟ ਦੇ ਬਾਵਜੂਦ ਪੁਲਿਸ ਟਰਾਇਲ ’ਚ 10 ਕਿਲੋਮੀਟਰ ਦੀ ਦੌੜ ’ਚ ਅੱਵਲ ਰਹੇ। ਜ਼ੋਰਾਵਰ ਸਿੰਘ ਅੱਜ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਹਨ ਤੇ ਇਸ ਵੇਲੇ ਉਹ ਸਾਊਥ ਆਕਲੈਂਡ ਦੇ ਪੁਲਿਸ ਸਟੇਸ਼ਨ ’ਚ ਪੁਲਿਸ ਅਫ਼ਸਰ ਹਨ। ਉਨ੍ਹਾਂ ਦੱਸਿਆ ਕਿ ਮਿਹਨਤ ਤੇ ਲਗਨ ਨਾਲ ਕੰਮ ਕਰੋ ਤਾਂ ਕੋਈ ਵੀ ਟੀਚਾ ਹਾਸਲ ਕਰਨਾ ਮੁਸ਼ਕਲ ਨਹੀਂ ਹੈ।