Australia & New Zealand Breaking News Latest News

ਨਿਊਜ਼ੀਲੈਂਡ ‘ਚ ਅੱਤਵਾਦੀ ਹਮਲੇ ‘ਚ 6 ਲੋਕ ਜ਼ਖਮੀ: ਪੁਲਿਸ ਨੇ ਹਮਲਾਵਰ ਨੂੰ ਮਾਰ ਮੁਕਾਇਆ

ਔਕਲੈਂਡ – ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਦੇ ਵਿੱਚ ਇਥੋਂ ਦੇ ਨਿਊ ਲਿਨ ਇਲਾਕੇ ਦੀ ਸੁਪਰ ਮਾਰਕਿਟ ‘ਨਿਊ ਲਿਨ ਮਾਲ’ ਦੇ ਵਿੱਚ ਅੱਜ ਸ਼ੁੱਕਰਵਾਰ ਬਾਅਦ ਦੁਪਹਿਰ ਨੂੰ ਇੱਕ ਆਈ ਐਸ ਆਈ ਐਸ ਅੱਤਵਾਦੀ ਨੇ ਸੁਪਰਮਾਰਕੀਟ ਵਿੱਚ ਛੁਰੇ ਦੇ ਨਾਲ ਹਮਲਾ ਕਰਕੇ ਛੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਮਾਰ ਦਿੱਤਾ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਤੋਂ ਪ੍ਰੇਰਿਤ ਸੀ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਬੇਤਰਤੀਬ ਹਮਲਾ ਕਰਾਰ ਦਿੱਤਾ ਸੀ ਤੇ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਨਫ਼ਰਤ ਨਾਲ ਭਰਿਆ ਹੋਇਆ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਦੱਸਿਆ ਕਿ ਹਮਲਾਵਰ ਸ੍ਰੀਲੰਕਾ ਦਾ ਨਾਗਰਿਕ ਸੀ ਤੇ ਉਹ 2011 ਵਿੱਚ ਨਿਊਜ਼ੀਲੈਂਡ ਆਇਆ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੁਪਹਿਰ 2:40 ਵਜੇ ਵਾਪਰੀ ਅਤੇ ਪੁਲਿਸ ਅਧਿਕਾਰੀਆਂ ਨੇ ਇੱਕ ਮਿੰਟ ਦੇ ਅੰਦਰ ਹਮਲਾਵਰ ਨੂੰ ਮਾਰ ਦਿੱਤਾ।

ਪੁਲਿਸ ਨੇ ਹਮਲਾਵਰ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਜੋ ਮਾਲ ਦੇ ਅੰਦਰ ਚਾਕੂ ਮਾਰ ਰਿਹਾ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਧਰ-ਉਧਰ ਭੱਜਣ ਲੱਗੇ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰ ਚਾਕੂ ਦਿਖਾਉਂਦੇ ਹੋਏ ਮਾਲ ਦੇ ਅੰਦਰ ਆਇਆ ਅਤੇ ਫਿਰ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕੋਰੋਨਾ ਵਾਇਰਸ ਦੇ ਖਤਰਨਾਕ ਡੈਲਟਾ ਰੂਪ ਦੇ ਕਾਰਨ ਆਕਲੈਂਡ ਵਿੱਚ ਇਸ ਵੇਲੇ ਤਾਲਾਬੰਦੀ ਲਾਗੂ ਹੈ। ਇਸ ਕਾਰਨ, ਇੱਥੇ ਬਹੁਤ ਸਾਰੇ ਲੋਕ ਨਹੀਂ ਸਨ। ਜਿਵੇਂ ਹੀ ਹਮਲਾਵਰ ਨੇ ਲੋਕਾਂ ‘ਤੇ ਚਾਕੂਆਂ ਨਾਲ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਮਾਲ ‘ਚ ਭਗਦੜ ਮਚ ਗਈ। ਲੋਕ ਚੀਕਾਂ ਮਾਰਨ ਲੱਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਏਜੰਸੀਆਂ ਕੋਲ ਹਮਲਾਵਰ ਬਾਰੇ ਜਾਣਕਾਰੀ ਸੀ ਅਤੇ ਉਹ ਪਹਿਲਾਂ ਤੋਂ ਹੀ ਪੁਲਿਸ ਦੀ ਨਿਗਰਾਨੀ ਹੇਠ ਸੀ ਅਤੇ ਹਮਲਾਵਰ ਦੀ 2016 ਤੋਂ ਨਿਗਰਾਨੀ ਕੀਤੀ ਜਾ ਰਹੀ ਸੀ ਪਰ ਉਸ ਦੀਆਂ ਪਿਛਲੀਆਂ ਗਤੀਵਿਧੀਆਂ ਇਸ ਪੱਧਰ ਤੱਕ ਨਹੀਂ ਪਹੁੰਚੀਆਂ ਸਨ ਕਿ ਉਸਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾਂਦਾ।

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਦੂਜਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ ਮਾਰਚ 2019 ਵਿੱਚ ਨਿਊਜ਼ੀਲੈਂਡ ਦੀ ਅਲ-ਨੂਰ ਅਤੇ ਲਿਨਵੁੱਡ ਮਸਜਿਦ ਵਿੱਚ ਨਮਾਜ਼ ਦੌਰਾਨ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਸੀ। ਇਸ ਹਮਲੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ 8 ਭਾਰਤੀ ਵੀ ਸ਼ਾਮਲ ਸਨ। ਪੁਲਿਸ ਨੇ ਹਮਲੇ ਦੇ 21 ਮਿੰਟ ਬਾਅਦ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ। ਹਮਲਾਵਰ ਬ੍ਰੈਂਟਨ ਟੈਰੈਂਟ ਦੁਆਰਾ ਕਤਲੇਆਮ ਫੇਸਬੁੱਕ ‘ਤੇ ਲਾਈਵ ਕੀਤਾ ਗਿਆ ਸੀ, ਜੋ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਵਾਇਰਲ ਹੋਇਆ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੋਸ਼ੀ ਨੂੰ ਕੈਦ ਦੌਰਾਨ ਪੈਰੋਲ ਨਹੀਂ ਦਿੱਤੀ ਜਾਵੇਗੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin