ਸਿਡਨੀ – ਨਿਊ ਸਾਉਥ ਵੇਲਜ਼ ਦੇ ਵਿੱਚ ਅੱਜ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਜਿਆਦਾ 1288 ਨਵੇਂ ਪਾਜ਼ੇਟਿਵ ਪਾਏ ਗਏ ਹਨ। ਸੂਬੇ ਦੇ ਵਿੱਚ ਕੋਵਿਡ-19 ਦੇ ਨਾਲ 7 ਹੋਰ ਮੌਤਾਂ ਹੋ ਜਾਣ ਦੇ ਨਾਲ ਹੀ ਹੁਣ ਤੱਕ ਮੌਤਾਂ ਦੀ ਗਿਣਤੀ 107 ‘ਤੇ ਪੁੱਜ ਗਈ ਹੈ। ਸੂਬੇ ਦੇ ਵਿੱਚ ਕੋਵਿਡ-19 ਤੋਂ ਪੀੜਤ 957 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਅਤੇ ਇਹਨਾਂ ਵਿੱਚੋਂ 160 ਆਈ ਸੀ ਯੂ ਦੇ ਵਿੱਚ ਜਦਕਿ 64 ਮਰੀਜ਼ ਵੈਂਟੀਲੈਟਰ ‘ਤੇ ਹਨ।
ਨਿਊ ਸਾਉਥ ਵੇਲਜ਼ ਦੇ ਵਿੱਚ ਕੋਵਿਡ-19 ਦਾ ਫੈਲਾਅ ਦਿਨੋ-ਦਿਨ ਹੋਰ ਵਧਦਾ ਜਾ ਰਿਹਾ ਹੈ ਅਤੇ ਰੋਜ਼ਾਨਾ ਕੋਵਿਡ-19 ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਆ ਰਹੇ ਕੇਸਾਂ ਦੇ ਕਾਰਣ ਲੌਕਡਾਉਨ ਨੂੰ ਸ਼ਨੀਵਾਰ 28 ਅਗਸਤ ਦੇ ਸਵੇਰੇ 12:01 ਵਜੇ ਤੱਕ ਹੋਰ ਵਧਾ ਦਿੱਤਾ ਗਿਆ ਹੈ।
ਇਸੇ ਦੌਰਾਨ ਨਿਊ ਸਾਉਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਹੈ ਕਿ ਸੂਬੇ ਦੇ ਵਿੱਚ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲੈਣ ਵਾਲਿਆਂ ਦਾ ਅੰਕੜਾ 70 ਲੱਖ ਨੂੰ ਪਾਰ ਕਰ ਗਿਆ ਹੈ। ਕੱਲ੍ਹ ਸੂਬੇ ਦੇ ਵਿੱਚ 121,000 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ।
ਕੱਲ ਸਵੇਰੇ 5:00 ਵਜੇ ਤੋਂ ਸਿਡਨੀ ਦੇ ਚਿੰਤਾ ਵਾਲੇ ਲੋਕਲ ਗੌਰਮਿੰਟ ਏਰੀਏ ਦੇ ਲੋਕਾਂ ਲਈ ਕਸਰਤ ਹੁਣ ਇੱਕ ਘੰਟੇ ਤੱਕ ਸੀਮਤ ਨਹੀਂ ਰਹੇਗੀ ਪਰ ਰਾਤ 9:00 ਵਜੇ ਤੋਂ ਸਵੇਰੇ 5:00 ਵਜੇ ਤੱਕ ਕਰਫਿਊ ਲਾਗੂ ਰਹੇਗਾ।
ਚਿੰਤਾ ਵਾਲੇ ਲੋਕਲ ਗੌਰਮਿੰਟ ਏਰੀਏ ਵਿੱਚ ਬੇਸਾਈਡ, ਬਰਵੁੱਡ, ਸਟ੍ਰੈਥਫੀਲਡ, ਜੌਰਜਸ ਰਿਵਰ, ਪੈਰਾਮੈਟਾ, ਕੈਂਪਬੈਲਟਾਊਨ, ਬਲੈਕਟਾਊਨ, ਕੈਂਟਰਬਰੀ-ਬੈਂਕਸਟਾਊਨ, ਕਮਬਰਲੈਂਡ, ਫੇਅਰਫੀਲਡ, ਲਿਵਰਪੂਲ ਅਤੇ ਪੈਨਰਿਥ ਦੇ ਕੁੱਝ ਇਲਾਕੇ ਸ਼ਾਮਿਲ ਹਨ।