ਸ੍ਰੀ ਅਨੰਦਪੁਰ ਸਾਹਿਬ – ਪਿਛਲੇ ਕਈ ਦਿਨਾਂ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਸੁਰਖੀਆਂ ਵਿਚ ਹੈ। ਇਥੇ ਦੇ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ਰੂਪ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਬੈਠੇ ਰਹੇ ਉਥੇ ਅੱਜ ਇਕ ਨਿਹੰਗ ਸਿੰਘ ਨੀਲਾ ਨਿਸ਼ਾਨ ਸਾਹਿਬ ਲੈ ਕੇ ਬੀਐਸਐਨਐਲ ਦੇ ਟਾਵਰ ਤੇ ਚੜ੍ਹ ਗਿਆ। ਇਸ ਬਾਰੇ ਜਿਵੇਂ ਹੀ ਪਤਾ ਲੱਗਾ ਤਾਂ ਪੁਲਿਸ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੋਕੇ ਤੇ ਡੀਐਸਪੀ ਰਮਿੰਦਰ ਸਿੰਘ ਕਾਹਲੋਂ, ਥਾਣਾ ਮੁਖੀ ਰੁਪਿੰਦਰ ਸਿੰਘ ਭਾਰੀ ਫੋਰਸ ਲੈ ਕੇ ਉਥੇ ਪੁੱਜ ਗਏ। ਉਥੇ ਮੌਜੂਦ ਨਿਹੰਗ ਸਿੰਘ ਦੇ ਸਾਥੀ ਜਫਰਜੰਗ ਸਿੰਘ ਨੇ ਦੱਸਿਆ ਕਿ ਤਖਤ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੱਲ੍ਹ ਨੂੰ ਪੁਲਿਸ ਰਿਮਾਂਡ ਖ਼ਤਮ ਹੋ ਰਿਹਾ ਹੈ ਤੇ ਸਾਨੂੰ ਸ਼ੱਕ ਹੈ ਕਿ ਕੱਲ੍ਹ ਨੂੰ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਤੇ ਇਸ ਘਟਨਾ ਨੂੰ ਠੰਡੇ ਬਸਤੇ ਪਾ ਦਿਤਾ ਜਾਵੇਗਾ। ਇਸ ਲਈ ਸਾਡੇ ਨਿਹੰਗ ਸਿੰਘ ਰਮਨਦੀਪ ਸਿੰਘ ਨੇ ਇਹ ਕਦਮ ਚੁਕਿਆ ਹੈ। ਮੰਗਾਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਹਨ ਕਿ ਦੋਸ਼ੀ ਦਾ ਨਾਰਗੋ ਟੈਸਟ ਲਾਈਵ ਪ੍ਰੈੱਸ ਦੇ ਸਾਹਮਣੇ ਕੀਤਾ ਜਾ ਸਕੇ, ਦੋਸ਼ੀ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਡੇਰਾ ਸੋਦਾ ਮੁਖੀ ਨੂੰ ਇਸ ਕੇਸ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਜਦੋਂ ਤਕ ਇਹ ਮੰਗਾਂ ਪੂਰੀਆਂ ਨਹੀ ਹੋਣਗੀਆਂ ਉਦੋਂ ਤਕ ਨਿਹੰਗ ਸਿੰਘ ਟਾਵਰ ‘ਤੇ ਹੀ ਰਹੇਗਾ। ਇਸ ਮੌਕੇ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤਕ ਨਿਹੰਗ ਸਿੰਘ ਆਪਣੀ ਗੱਲ ਤੇ ਅੜੇ ਹੋਏ ਹਨ।