ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਜਦੋਂ ਚੋਟੀ ’ਤੇ ਸੀ ਉਦੋਂ ਹਸਪਤਾਲਾਂ ’ਤੇ ਇਲਾਜ ਦੇ ਨਾਂ ’ਤੇ ਮਰੀਜ਼ਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸੇ ਲੈਣ ਦੇ ਦੋਸ਼ ਲੱਗੇ ਸਨ। ਦਿੱਲੀ ਵਿਚ ਵੀ ਇਸਦਾ ਇਕ ਉਦਾਹਰਣ ਸਾਹਮਣੇ ਆਇਆ ਹੈ। ਸਾਕੇਤ ਸਥਿਤ ਮੈਕਸ ਹਸਪਤਾਲ ਨੇ ਇਕ ਮਰੀਜ਼ ਤੋਂ ਕੋਰੋਨਾ ਦੇ ਇਲਾਜ ਲਈ 1.18 ਕਰੋੜ ਰੁਪਏ ਚਾਰਜ ਕੀਤੇ ਹਨ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਦੁਆਰਾ ਇਸ ਮਾਮਲੇ ਨੂੰ ਚੁੱਕਣ ਤੋਂ ਬਾਅਦ ਕੇਂਦਰ ਸਿਹਤ ਮੰਤਰੀ ਮਨਸੁਖ ਮਾਂਡਵੀਆ ਜਾਂਚ ਕਰ ਰਹੇ ਹਨ।ਮਨੀਸ਼ ਤਿਵਾੜੀ ਦੇ ਪੱਤਰ ਦੇ ਜਵਾਬ ਵਿਚ ਮਾਂਡਵੀਆ ਨੇ ਲਿਖਿਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਲਦੀ ਹੀ ਇਸਦਾ ਜਵਾਬ ਦੇਣਗੇ। ਇਸ ਤੋਂ ਪਹਿਲਾਂ ਤਿਵਾੜੀ ਨੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਹਸਪਤਾਲ ਤੋਂ ਤੁਰੰਤ ਸਪੱਸ਼ਟੀਕਰਨ ਲੈਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਰੀਜ਼ ਕਿੰਨਾ ਵੀ ਬਿਮਾਰ ਕਿਉਂ ਨਾ ਹੋਵੇ ਹਸਪਤਾਲ ਨੇ ਇੰਨੀ ਮੋਟੀ ਰਕਮ ਕਿਵੇਂ ਚਾਰਜ ਕਰ ਲਈ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਤੋਂ ਇਕ ਸੁਤੰਤਰ ਰੈਗੂਲੇਟਰ ਗਠਿਤ ਕਰਨ ਲਈ ਸੰਸਦ ਵਿਚ ਬਿੱਲ ਲਿਆਉਣ ਦੀ ਵੀ ਬੇਨਤੀ ਕੀਤੀ ਹੈ, ਜੋ ਸਰਕਾਰੀ ਤੇ ਨਿੱਜੀ ਹਸਪੱਤਾਲਾਂ ’ਤੇ ਨਜ਼ਰ ਰੱਖੇਗਾ।ਆਪ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਕੋਰੋਨਾ ਮਰੀਜ਼ ਤੋਂ 1.18 ਕਰੋੜ ਚਾਰਜ ਕਰਨ ’ਤੇ ਹਸਪਤਾਲ ’ਤੇ ਨਿਸ਼ਾਨਾ ਵਿੰਨਿ੍ਹਆ ਸੀ। ਤਿਵਾੜੀ ਨੇ ਭਾਰਤੀ ਨੂੰ ਵੀ ਕਿਹਾ ਹੈ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ, ਕਿਉਂਕਿ ਸਿਹਤ ਸੂਬੇ ਦਾ ਵਿਸ਼ਾ ਹੈ। ਇਸ ਦਰਮਿਆਨ, ਮੈਕਸ ਹਸਪਤਾਲ ਨੇ ਕਿਹਾ ਕਿ ਮਰੀਜ਼ ਕਰੀਬ ਸਾਢੇ ਚਾਰ ਮਹੀਨੇ ਹਸਪਤਾਲ ਵਿਚ ਰਿਹਾ। ਉਸ ਨੂੰ ਛੇ ਸਤੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਮਰੀਜ਼ ਸ਼ੂਗਰ ਤੋਂ ਪੀੜਤ ਸੀ ਤੇ ਉਸ ਨੂੰ ਹੋਰ ਵੀ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਸਨ।