ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਵਿਜ਼ਨ ਤਹਿਤ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਨੂੰ ਪਹਿਲੀ ਵਾਰ ਭਾਰਤੀ ਸਟੈਂਡਰਡ ਬਿਊਰੋ (ਬੀਆਈਐੱਸ) ਮਾਰਕ ਲੈਵਲ-5 ਦੀਆਂ ਬੁਲਟ ਪਰੂਫ ਜੈਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੇਂਦਰੀ ਗ੍ਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ, ਕਰੀਬ 4000 ਜੈਕਟਾਂ ਦੀ ਇਹ ਖੇਪ 23-24 ਸਤੰਬਰ ਤਕ ਉਪਲਬਧ ਕਰਵਾ ਦਿੱਤੀ ਜਾਵੇਗੀ।
ਅਗਾਊਂ ਮੋਰਚੇ, ਵੀਆਈਪੀਜ਼ ਦੀ ਸੁਰੱਖਿਆ ਤੇ ਨਕਸਲ ਪ੍ਰਭਾਵਿਤ ਤੇ ਜੰਮੂ-ਕਸ਼ਮੀਰ ਜਿਹੇ ਹੋਰ ਅਸ਼ਾਂਤ ਇਲਾਕਿਆਂ ‘ਚ ਤਾਇਨਾਤ ਸੀਏਪੀਐੱਫ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਬੁਲਟ ਪਰੂਫ ਜੈਕਟਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਮੌਜੂਦਾ ਸਮੇਂ ‘ਚ ਸੀਏਪੀਐੱਫ ਵੱਲੋਂ ਇਸਤੇਮਾਲ ਕੀਤੀਆਂ ਜਾ ਰਹੀਆਂ ਬੁਲਟ ਪਰੂਫ ਜੈਕਟਾਂ ਅਮਰੀਕੀ ਨਿਆਂ ਵਿਭਾਗ ਦੀ ਸ਼ੋਧ, ਵਿਕਾਸ ਤੇ ਮੁੱਲਾਂਕਣ ਏਜੰਸੀ ਨੈਸ਼ਨਲ ਇੰਸਟੀਚਿਊਟ ਆਫ ਜਸਟਿਸ (ਐੱਨਆਈਜੇ) ਵੱਲੋਂ ਜੰਗੀ ਇਸਤੇਮਾਲ ਲਈ ਮਨਜ਼ੂਰਸ਼ੁਦਾ ਹਨ।
ਬੀਆਈਐੱਸ ਤੋਂ ਮਨਜ਼ੂਰੀ ਹਾਸਲ ਕਰਨ ਤੋਂ ਇਲਾਵਾ ਇਨ੍ਹਾਂ ਬੁਲਟ ਪਰੂਫ ਜੈਕਟਾਂ ਦੀ ਗੁਣਵੱਤਾ ਨੂੰ ਵਧਾ ਕੇ ਲੈਵਲ-5 ਦਾ ਕੀਤਾ ਗਿਆ ਹੈ। ਮੌਜੂਦਾ ਸਮੇਂ ‘ਚ ਸੱਤ ਸੀਏਪੀਐੱਫ ਵੱਲੋਂ ਲੈਵਲ-4 ਦੀਆਂ ਬੁਲਟ ਪਰੂਫ ਜੈਕਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ), ਬੀਐੱਸਐੱਫ, ਆਈਟੀਬੀਪੀ, ਸੀਆਈਐੱਸਐੱਫ, ਐੱਸਐੱਸਬੀ, ਏਆਰ ਤੇ ਐੱਨਐੱਸਜੀ ਸ਼ਾਮਲ ਹਨ। ਸਾਰੇ ਸੀਏਪੀਐੱਫ ‘ਚ ਆਈਟੀਬੀਪੀ ਤੇ ਐੱਸਐੱਸਬੀ ਨੂੰ ਸਭ ਤੋਂ ਪਹਿਲਾਂ ਬੀਆਈਐੱਸ ਸਰਟੀਫਾਈਡ ਵਾਲੀਆਂ ਨਵੀਆਂ ਅਪਗ੍ਰੇਡਿਡ ਬੁਲਟ ਪਰੂਫ ਜੈਕਟਾਂ ਉਪਲਬਧ ਕਰਵਾਈਆਂ ਜਾਣਗੀਆਂ। ਸੀਏਪੀਐੱਫ ਲਈ ਖ਼ਰੀਦ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗ ਤੇ ਜ਼ਰੂਰਤਾਂ ਮੁਤਾਬਕ ਹੋਰ ਸੀਏਪੀਐੱਫ ਨੂੰ ਵੀ ਭਵਿੱਖ ‘ਚ ਹੋਰ ਬੁਲਟ ਪਰੂਫ ਜੈਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੀਏਪੀਐੱਫ ਮੁਲਾਜ਼ਮ ਹਾਲੇ ਲੈਵਲ-4 ਦੀਆਂ ਜੈਕਟਾਂ ਦੀ ਵਰਤੋਂ ਕਰਦੇ ਹਨ, ਪਰ ਅਪਗ੍ਰੇਡਿਡ ਲੈਵਲ-5 ਦੀਆਂ ਜੈਕਟਾਂ ‘ਚ ਹਾਰਡ ਸਟੀਲ ਕੋਰ (ਐੱਚਐੱਸਸੀ) ਬੁਲਟਸ ਨੂੰ ਰੋਕਣ ਦੀ ਸਮਰੱਥਾ ਹੋਵੇਗੀ। ਅਜਿਹੀ ਹਰੇਕ ਜੈਕਟ ਦੀ ਕੀਮਤ 40 ਤੋਂ 45 ਹਜ਼ਾਰ ਰੁਪਏ ਰਹਿਣ ਦਾ ਅਨੁਮਾਨ ਹੈ।