ਨਵੀਂ ਦਿੱਲੀ – ਟੋਕੀਓ ਓਲੰਪਿਕ ਦੇ ਜੈਵਲਿਨ ਥ੍ਰੋਅ ਮੁਕਾਬਲੇ ‘ਚ ਭਾਰਤ ਨੂੰ ਅਥਲੈਟਿਕਸ ਦਾ ਪਹਿਲਾ ਗੋਲਡ ਦੁਆਉਣ ਵਾਲਾ ਨੀਰਜ ਚੋਪੜਾ ਕੁਇੱਜ਼ ਰਿਆਲਿਟੀ ਸ਼ੌਅ ਕੌਣ ਬਣੇਗਾ ਕਰੋੜਪਤੀ (ਕੇ. ਬੀ. ਸੀ.) ਵਿਚ ਪਹੁੰਚਿਆ। ਨੀਰਜ ਦੇ ਨਾਲ ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵੀ ਸੀ। ਦੋਨਾਂ ਨੇ ਮਿਲ ਕੇ ਸ਼ੌਅ ਦੇ ਹੋਸਟ ਅਮਿਤਾਬ ਬੱਚਨ ਦੇ ਨਾਲ ਖੂਬ ਮਸਤੀ ਕੀਤੀ। ਸ਼ੌਅ ਦੌਰਾਨ ਦੋਨੋਂ ਖਿਡਾਰੀ ਉਦੋਂ ਅਲੱਗ ਰੰਗ ਵਿਚ ਨਜ਼ਰ ਆਏ, ਜਦੋਂ ਹੋਸਟ ਨੇ ਉਨ੍ਹਾਂ ਨੂੰ ਪਾਪੂਲਰ ਫਿਲਮਾਂ ਦੇ ਡਾਇਲਾਗ ਹਰਿਆਣਵੀ ਭਾਸ਼ਾ ‘ਚ ਬੋਲਣ ਲਈ ਕਿਹਾ।
ਨੀਰਜ ਨੇ ਹਰਿਆਣਵੀ ਵਿਚ ‘ਮੈਂ ਔਰ ਮੇਰੀ ਤਨਹਾਈ ਅਕਸਰ ਯਹ ਬਾਤੇਂ ਕਰਦੇ ਹੈਂ’ ਅਤੇ ‘ਤੁਮ ਹੋਤੀ ਤੋ ਐਸਾ ਹੋਤਾ, ਤੁਮ ਹੋਤੀ ਤੋ ਵੈਸਾ ਹੋਤਾ’ ਡਾਇਲਾਗ ਬੋਲੇ। ਨੀਰਜ ਦੇ ਨਾਲ ਬੈਠੇ ਸ਼੍ਰੀਜੇਸ਼ ਨੇ ਵੀ ਹੋਸਟ ਬੱਚਨ ਕੋਲੋਂ ਪੁੱਛ ਲਿਆ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਫਿਲਮ ‘ਚ ਹਰਿਆਣਵੀ ਬੋਲੀ ਹੈ।
ਬੱਚਨ ਬੋਲੇ- ਨਹੀਂ, ਮੈਨੂੰ ਕਦੇ ਹਰਿਆਣਵੀ ਫਿਲਮ ‘ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਹਾਂ, ਇਕ ਫਿਲਮ ‘ਚ ਜ਼ਰੂਰ ਹਰਿਆਣਵੀ ਡਾਇਲਾਗ ਬੋਲੇ ਸਨ। ਬਹੁਤ ਦੁੱਖ ਹੋਇਆ ਸੀ ਮੈਨੂੰ। ਇਸ ‘ਤੇ ਸ਼੍ਰੀਜੇਸ਼ ਨੇ ਕਿਹਾ ਕਿ ਅੱਜ ਅਸੀਂ ਆਏ ਹਾਂ ਤਾਂ ਤੁਸੀਂ ਜ਼ਰੂਰ ਹਰਿਆਣਵੀ ਭਾਸ਼ਾ ‘ਚ ਡਾਇਲਾਗ ਸੁਣਾਓ। ਅਸੀਂ ਤੁਹਾਨੂੰ ਹਰਿਆਣਵੀ ਸਿਖਾਉਣ ਆਏ ਹਾਂ। ਅਮਿਤਾਬ ਦੇ ਹੇ ਭਗਵਾਨ! ਬੋਲਦੇ ਹੀ ਨੀਰਜ ਨੇ ਕਿਹਾ- ਯਹ ਤੁਮਹਾਰੇ ਬਾਪ ਕਾ ਘਰ ਨਹੀਂ, ਪੁਲਸ ਸਟੇਸ਼ਨ ਹੈ। ਸੀਧੇ ਖੜੇ ਰਹੋ। ਅਮਿਤਾਬ ਬੋਲੇ- ਤੁਸੀਂ ਸਿਖਾਓ ਮੈਨੂੰ। ਉਦੋਂ ਨੀਰਜ ਨੇ ਹਰਿਆਣਵੀ ‘ਚ, ”ਯਹ ਤੇਰੇ ਬਾਪ ਦਾ ਘਰ ਕੋਨੀ। ਥਾਣਾ ਏ। ਚੁਪਚਾਪ ਖੜਾ ਰੇਹ” ਬੋਲਿਆ ਤਾਂ ਪੂਰਾ ਹਾਲ ਤਾਲੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।