Punjab

ਨੰਗਲ ਸ਼ਹਿਰ ਦੀ ਪੁਰਾਣੀ ਦਿੱਖ ਹੋਵੇਗੀ ਮੁੜ ਬਹਾਲ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ – ਆਜ਼ਾਦ ਹਿੰਦੁਸਤਾਨ ਵਿੱਚ ਵਿਕਸਿਤ ਕੀਤੇ ਗਏ ਪਹਿਲੇ ਆਧੁਨਿਕ ਸ਼ਹਿਰ ਨੰਗਲ ਦੀ ਪੁਰਾਣੀ ਦਿੱਖ ਜਲਦ ਬਹਾਲ ਕੀਤੀ ਜਾਵੇਗੀ। ਇਹ ਪ੍ਰਗਵਾਟਾ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਜਿਸ ਨੂੰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ.ਐਫ.ਐਲ.) ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਵਿਕਸਿਤ ਕੀਤਾ ਗਿਆ ਸੀ, ਸਮਾਂ ਬੀਤਣ ਅਤੇ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਇਹ ਸ਼ਹਿਰ ਆਪਣੀ ਵਿਕਸਿਤ ਸ਼ਹਿਰ ਵਾਲੀ ਦਿੱਖ ਗੁਆ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦੀ ਪੁਰਾਣੀ ਦਿੱਖ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਨੰਗਲ ਸ਼ਹਿਰ ਦੇ ਵਿਕਾਸ ‘ਤੇ 20.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨੰਗਲ ਸ਼ਹਿਰ ਲਈ ਸਾਫ ਸੁਥਰੇ ਪਾਣੀ ਦੀ ਨਿਰਵਿਘਨ ਸਪਲਾਈ ਲਈ 10 ਕਰੋੜ ਦੀ ਲਾਗਤ ਨਾਲ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਨੰਗਲ ਸ਼ਹਿਰ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 2 ਐਮ.ਡੀ. ਨਹਿਰੀ ਪਾਣੀ ਦੀ ਸਪਲਾਈ ਨੰਗਲ ਸ਼ਹਿਰ ਨੂੰ ਕੀਤੀ ਜਾ ਰਹੀ ਹੈ, ਜਿਸ ਨੂੰ ਵਧਾ ਕੇ 5 ਐਮ.ਡੀ. ਕੀਤਾ ਜਾ ਰਿਹਾ ਹੈ। ਅਗਲੇ ਦੋ ਦਹਾਕਿਆਂ ਦੌਰਾਨ ਨੰਗਲ ਸ਼ਹਿਰ ਵਿੱਚ ਪੈਦਾ ਹੋਣ ਵਾਲੀ ਪੀਣ ਵਾਲੇ ਪਾਣੀ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਤੋਂ ਇਲਾਵਾ ਨੰਗਲ ਸ਼ਹਿਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਨੂੰ ਵੀ ਵਧਾ ਕੇ ਢਾਈ ਗੁਣਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨੰਗਲ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ 30 ਹਜ਼ਾਰ ਪੌਦੇ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 5 ਕਰੋੜ ਰੁਪਏ ਨੰਗਲ ਦੇ ਸਰਕਾਰੀ ਕੰਨਿਆ ਸਕੂਲ ਤੇ ਖਰਚ ਹੋਣਗੇ, ਜਦਕਿ 4.50 ਕਰੋੜ ਨਾਲ ਸਰਕਾਰੀ ਸਕੂਲ ਲੜਕੇ ਵਿੱਚ ਸ਼ਾਨਦਾਰ ਸਮੀਵਿੰਗ ਪੂਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜਲਫਾ ਮਾਤਾ ਮੰਦਿਰ ਦਾ 1 ਕਰੋੜ ਦੀ ਲਾਗਤ ਨਾਲ ਸੁੰਦਰੀਕਰਨ ਹੋਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਤਲਵਾੜਾ ਪਿੰਡ ਵਿੱਚ ਸਥਾਪਤ ਕੀਤੇ ਜਾ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਜਵਾਹਰ ਮਾਰਕੀਟ, ਇੰਦਰਾ ਨਗਰ ਵਿੱਚ ਸੀਵਰੇਜ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਰੇਲਵੇ ਰੋਡ ਦਾ ਸੀਵਰੇਜ ਦਾ ਚੱਲ ਰਿਹਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਨੰਗਲ ਸ਼ਹਿਰ ਨੂੰ ਸੈਰ-ਸਪਾਟਾ ਨਕਸ਼ੇ ‘ਤੇ ਮੁੜ ਉਭਾਰਨ ਦਾ ਹੈ, ਜਿਸ ਲਈ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਉਹ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਵਿੱਚ ਬਹੁਤ ਜਲਦ ਇੱਕ ਵਿਸ਼ਵ ਪੱਧਰੀ ਅਜਾਇਬ ਘਰ ਵੀ ਤਿਆਰ ਕੀਤਾ ਜਾ ਰਿਹਾ ਹੈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin