ਬਠਿੰਡਾ — ਭਾਜਪਾ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਥੇ ਬਠਿੰਡਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੇ ਜਨਤਾ ਲਈ ਜਿੰਨਾ ਕੰਮ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਹੈ।
ਰਾਜਨਾਥ ਸਿੰਘ ਐਤਵਾਰ ਨੂੰ ਪੰਜਾਬ ਦੌਰੇ ‘ਤੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ਉਮੀਦਵਾਰ ਦੇ ਸਮਰਥਨ ‘ਚ ਫਤਿਹਗੜ੍ਹ ‘ਚ ਰੈਲੀ ਕੀਤੀ। ਇਸ ਤੋਂ ਬਾਅਦ ਉਹ ਬਠਿੰਡਾ ਪਹੁੰਚੇ । ਇੱਥੇ ਉਨ੍ਹਾਂ ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਰੈਲੀ ਕੀਤੀ।
ਰੱਖਿਆ ਮੰਤਰੀ ਨੇ ਕਿਹਾ ਕਿ ਡਾਕਟਰ ਨੇ ਉਨ੍ਹਾਂ ਨੂੰ ਖੜ੍ਹੇ ਹੋਣ ਤੋਂ ਮਨ੍ਹਾ ਕੀਤਾ ਹੈ ਅਤੇ 7 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੱਕ ਉਹ ਆਰਾਮ ਨਹੀਂ ਕਰਨਗੇ।
ਪਰਮਪਾਲ ਕੌਰ ਦੀ ਹਮਾਇਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਸਭ ਤੋਂ ਕਾਬਲ ਉਮੀਦਵਾਰ ਹਨ,
ਉਨ੍ਹਾਂ ਦਾ ਭਾਸ਼ਣ ਸੁਣ ਕੇ ਮੈਂ ਸਮਝ ਗਿਆ ਕਿ ਪਰਮਪਾਲ ਹੀ ਬਠਿੰਡਾ ਦੇ ਲੋਕਾਂ ਲਈ ਸਭ ਤੋਂ ਬਿਹਤਰ ਸੰਸਦ ਮੈਂਬਰ ਬਣਨ ਜਾ ਰਹੇ ਹਨ।
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਕੋਨੇ-ਕੋਨੇ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ।
“ਨੇਤਾ ਵਿਚ ਨੈਤਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਪਰ ਕੇਜਰੀਵਾਲ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਵੀ ਸੀਐਮ ਹਨ । ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ‘ਵਰਕ ਫਰੌਮ ਹੋਮ’ ਸੁਣਿਆ ਸੀ, ਪਰ ‘ਵਰਕ ਫਰੌਮ ਜੇਲ੍ਹ’ ਉਹ ਪਹਿਲੀ ਵਾਰ ਸੁਣ ਰਹੇ ਹਨ।
ਰਾਜਨਾਥ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਈਡੀ ਕੁਝ ਨਹੀਂ ਕਰ ਸਕੀ, ਪਰ ਸਾਡੇ ਸ਼ਾਸਨ ਦੌਰਾਨ ਕਰੋੜਾਂ ਰੁਪਏ ਜ਼ਬਤ ਕੀਤੇ ਗਏ। ਪਰ ਉਹ ਸਾਡੀ ਸਰਕਾਰ ‘ਤੇ ਦੋਸ਼ ਲਗਾਉਂਦੇ ਹਨ ਕਿ ਜੇਕਰ ਭਾਜਪਾ ਸੱਤਾ ‘ਚ ਆਈ ਤਾਂ ਉਹ ਦੇਸ਼ ਨੂੰ ਤੋੜ ਦੇਣਗੇ।
ਸਿੰਘ ਨੇ ਆਪਣੇ ਭਾਸ਼ਣ ਵਿਚ ਕੇਜਰੀਵਾਲ ਦੀ ਰਿਹਾਇਸ਼ ’ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਸਿੰਘ ਨੇ ਕਿਹਾ, ਮਾਲੀਵਾਲ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਹੁਣ ਕੇਜਰੀਵਾਲ ਦੇਸ਼ ਦੇ ਲੋਕਾਂ ਨੂੰ ਭਾਸ਼ਣ ਦੇ ਰਹੇ ਹਨ।
ਰਾਜਨਾਥ ਨੇ ਕਿਹਾ ਕਿ ਹਰ ਕਿਸੇ ਦੀ ਮਾਂ, ਭੈਣ ਅਤੇ ਧੀ ਹੁੰਦੀ ਹੈ। ਕੇਜਰੀਵਾਲ ਚੁੱਪ ਕਿਉਂ ਹਨ? ਕੀ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਹੱਕ ਹੈ।
ਸਿੰਘ ਨੇ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨਾ ਬਣਾਇਆ। ਰੱਖਿਆ ਮੰਤਰੀ ਨੇ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਆਪਣਾ ਆਗੂ ਮੰਨਦੇ ਹਨ। ਜੇਕਰ ਉਨ੍ਹਾਂ ਦਾ ਆਗੂ ਅਜਿਹਾ ਹੈ ਤਾਂ ਫਿਰ ਭਗਵੰਤ ਮਾਨ ਦੀ ਆਪਣੀ ਹਾਲਤ ਕੀ ਹੋਵੇਗੀ, ਇਹ ਤਾਂ ਰੱਬ ਹੀ ਜਾਣਦਾ ਹੈ।
ਰਾਜਨਾਥ ਸਿੰਘ ਦੀ ਰੈਲੀ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ, ਭਾਜਪਾ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮਲੂਕਾ , ਦਿਆਲ ਸਿੰਘ ਸੋਢੀ, ਰਾਕੇਸ਼ ਜੈਨ, ਸੂਰਤ ਤੋਂ ਨਿਰਵਿਰੋਧ ਚੁਣੇ ਗਏ ਸੰਸਦ ਮੈਂਬਰ ਮੁਕੇਸ਼ ਦਲਾਲ, ਜਸਵਿੰਦਰ ਜੱਸੀ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ।
