Articles

ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਕੜੀ ਮਾਂ !

ਲੇਖਕ: ਮਾਸਟਰ ਪ੍ਰੇਮ ਸਰੂਪ ਛਾਜਲੀ

ਸਾਰੇ ਪਰਿਵਾਰ ਦੀਆਂ ਖਾਣ, ਪੀਣ, ਪਹਿਨਣ, ਆਰਾਮ ਤੇ ਮਨੋਰੰਜਨ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਦੀ ਮਾਂ ਦੀ ਵੀ ਕੋਈ ਜ਼ਰੂਰਤ ਹੈ, ਇਹ ਸਮਝਣ ਦੀ ਕੋਸ਼ਿਸ਼ ਕਦੇ ਕੋਈ ਨਹੀਂ ਕਰਦਾ। ਪਰਿਵਾਰ ਲਈ ਪੂਰੀ ਤਰ੍ਹਾਂ ਸਮਰਪਿਤ ਮਾਂ ਦੀ ਸਭ ਤੋਂ ਵੱਡੀ ਜ਼ਰੂਰਤ ਪਰਿਵਾਰ ਵੱਲੋਂ, ਬੱਚਿਆਂ ਵੱਲੋਂ ਮਿਲਣ ਵਾਲਾ ਪਿਆਰ ਤੇ ਸਨਮਾਨ ਹੈ। ਦੂਜੀ ਹੈ-ਪਰਿਵਾਰ ਦਾ ਆਪਸ ਵਿੱਚ ਪਿਆਰ ਤੇ ਵਿਸ਼ਵਾਸ। ਆਪਣੇ ਬੱਚਿਆਂ ਲਈ, ਪਰਿਵਾਰ ਲਈ ਕੰਮ ਕਰਦੀ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਕੋਈ ਵੀ ਮਾਂ ਸਾਰੀ ਉਮਰ ਨਾ ਥੱਕਦੀ ਹੈ ਅਤੇ ਨਾ ਹੀ ਅੱਕਦੀ ਹੈ ਪਰ ਇਹ ਸਭ ਕਰਦੀ ਹੋਈ ਉਹ ਬੱਚਿਆਂ ਉਪਰ ਆਪਣਾ ਪੂਰਾ ਹੱਕ ਸਮਝਦੀ ਹੈ। ਉਨ੍ਹਾਂ ਦੀ ਬੇਹਤਰੀ ਲਈ ਉਹ ਸਾਰੇ ਫ਼ੈਸਲੇ ਪੂਰਨ ਅਧਿਕਾਰ ਨਾਲ ਲੈਂਦੀ ਹੈ। ਬੱਚਿਆਂ ਦੀ ਅੱਲ੍ਹੜ ਅਵਸਥਾ ਤਕ ਤਾਂ ਸਭ ਠੀਕ ਚੱਲਦਾ ਹੈ। ਪਰਿਵਾਰ ਵਿੱਚ ਸਥਿੱਤੀ ਉਦੋਂ ਖਰਾਬ ਹੋਣ ਲਗਦੀ ਹੈ, ਜਦੋਂ ਬੱਚਿਆਂ ਦੀ ਆਪਣੀ ਮਰਜ਼ੀ ਮਜ਼ਬੂਤੀ ਫੜ੍ਹਨ ਲੱਗਦੀ ਹੈ। ਮੱਧਵਰਗੀ ਪਰਿਵਾਰਾਂ ਵਿੱਚ ਜਵਾਨ ਹੋ ਰਹੇ ਬੱਚਿਆਂ ਦੇ ਜ਼ਿਆਦਾਤਰ ਮਸਲੇ, ਮਿਲਣ ਵਾਲੀਆਂ ਸਹੂਲਤਾਂ ਅਤੇ ਆਜ਼ਾਦੀ ਨਾਲ ਸਬੰਧਤ ਹੀ ਹੁੰਦੇ ਹਨ। ਮਾਂ ਬਾਪ ਸਹੂਲਤਾਂ ਆਪਣੀ ਆਰਥਿਕ ਸਮਰੱਥਾ ਅਨੁਸਾਰ ਅਤੇ ਆਜ਼ਾਦੀ ਸਮਾਜਿਕ ਦਾਇਰੇ ਵਿੱਚ ਰਹਿ ਕੇ ਹੀ ਦੇ ਸਕਦੇ ਹਨ ਕਿਉਂਕਿ ਟੀ.ਵੀ. ਅਤੇ ਇੰਟਰਨੈੱਟ ਨੇ ਮਲਟੀ-ਨੈਸ਼ਨਲ ਕੰਪਨੀਆਂ ਦੀ ਚਕਾਚੌਂਧ ਹਰ ਘਰ ਵਿੱਚ ਪਹੁੰਚਾ ਦਿੱਤੀ ਹੈ, ਇਸ ਲਈ ਬੱਚਿਆਂ ਲਈ ਜਿੱਥੇ ਗੈਰ-ਜ਼ਰੂਰੀ ਚੀਜ਼ਾਂ ਤੇ ਜ਼ਰੂਰਤਾਂ ਵਿੱਚ ਫ਼ਰਕ ਕਰਨਾ ਮੁਸ਼ਕਲ ਹੋ ਗਿਆ ਹੈ, ਉਥੇ ਮਾਂ ਬਾਪ ਲਈ ਬੱਚਿਆਂ ਨੂੰ ਇਹ ਸਮਝਾ ਸਕਣਾ ਵੀ ਮੁਸ਼ਕਿਲ ਹੋ ਗਿਆ ਹੈ। ਜੋ ਚੀਜ਼ਾਂ ਮਾਂ ਬਾਪ ਨੂੰ ਫ਼ਜ਼ੂਲ ਖਰਚੀ ਲੱਗਦੀਆਂ ਹਨ ਉਹ ਬੱਚਿਆਂ ਲਈ ਜ਼ਰੂਰਤ ਬਣ ਗਈਆਂ ਹਨ। ਪਿਤਾ ਦੇ ਗੁੱਸੇ ਦਾ ਕਾਰਨ ਅਤੇ ਮਾਂ ਲਈ ਪਰੇਸ਼ਾਨੀ ਦਾ ਸਬੱਬ ਬਹੁਤੀ ਵਾਰ ਬੱਚਿਆਂ ਦੀਆਂ ਗ਼ੈਰ ਜ਼ਰੂਰੀ ਖਾਹਿਸ਼ਾਂ ਹੀ ਹੁੰਦੀਆਂ ਹਨ। ਪਿਤਾ ਕਿਉਂਕਿ ਵਿਹਾਰਕ ਹੈ ਇਸ ਲਈ ਉਸ ਵਿੱਚ ਇਰਾਦੇ ਦੀ ਮਜ਼ਬੂਤੀ ਵੀ ਹੈ। ਮਾਂ ਵੀ ਵਿਹਾਰਕ ਤਾਂ ਹੁੰਦੀ ਹੈ ਪਰ ਬੱਚਿਆਂ ਪ੍ਰਤੀ ਸਖ਼ਤ ਰਵੱਈਆ ਵਰਤਣਾ ਬਹੁਤੀ ਵਾਰੀ ਉਸ ਦੇ ਵੱਸ ਦਾ ਨਹੀਂ ਹੁੰਦਾ।  ਉਸ ਦੀ ਮਮਤਾ ਉਸ ਦੀ ਕਮਜ਼ੋਰੀ ਵੀ ਹੈ ਅਤੇ ਸ਼ਕਤੀ ਵੀ। ਜਿੱਥੇ ਉਹ ਜਵਾਨ ਬੱਚਿਆਂ ਨੂੰ ਵੀ ਪੂਰੇ ਹੱਕ ਨਾਲ ਸਮਝਾਉਣ, ਝਿੜਕਣ ਤੇ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਿੱਚ ਮਜ਼ਬੂਤੀ ਦਿਖਾਉਂਦੀ ਹੈ, ਉਥੇ ਪਿਤਾ ਦੀ ਫਟਕਾਰ ਵਿੱਚ ਬੱਚਿਆਂ ਦੀ ਢਾਲ ਵੀ ਬਣ ਜਾਂਦੀ ਹੈ ਅਤੇ ਕਈ ਵਾਰ ਬੱਚਿਆਂ ਨੂੰ ਬੇਲੋੜੀ ਸ਼ਹਿ ਦੇਣ ਦਾ ਇਲਜ਼ਾਮ ਵੀ ਸਹਿੰਦੀ ਹੈ। ਪਿਤਾ ਅਤੇ ਬੱਚਿਆਂ ਦਰਮਿਆਨ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਵਿੱਚ ਇੱਕ ਮਾਂ ਬੇਹਿਸਾਬ ਤਣਾਅ ਝੱਲਦੀ ਹੈ। ਮੌਜੂਦਾ ਸਮੇਂ ਵਿੱਚ ਆਪਣੇ ਆਪ ਵਿੱਚ ਗੁਆਚੇ ਬੱਚੇ ਮਾਂ ਦੇ ਰੁਤਬੇ ਅਤੇ ਸਥਿਤੀ ਵਿੱਚ ਫ਼ਰਕ ਸਮਝਣੋ ਅਸਮਰੱਥ ਨਜ਼ਰ ਆਉਂਦੇ ਹਨ। ਉਹ ਮਾਂ ਅਤੇ ਪਿਤਾ ਦੋਹਾਂ ਨੂੰ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਦਾ ਸਾਧਨ ਸਮਝਣ ਲੱਗ ਪਏ ਹਨ। ਸਾਰਾ ਦਿਨ ਪਰਿਵਾਰ ਦੀਆਂ ਜ਼ਰੂਰਤਾਂ ਲਈ ਸਾਧਨ ਜੁਟਾਉਂਦੇ ਪਿਤਾ ਅਤੇ ਖਾਣ-ਪੀਣ, ਪਹਿਨਣ ਦੇ ਫ਼ਿਕਰ ਵਿੱਚ ਲੱਗੀ ਮਾਂ ਲਈ ਬੱਚਿਆਂ ਦੇ ਦਿਲਾਂ ਵਿੱਚੋਂ ਹਮਦਰਦੀ ਘੱਟ ਤੇ ਫਰਮਾਇਸ਼ਾਂ ਵੱਧ ਨਿਕਲਦੀਆਂ ਹਨ।  ਬੱਚੇ ਸੁਆਰਥੀ ਹੁੰਦੇ ਜਾ ਰਹੇ ਹਨ। ਦੁੱਖ ਤਾਂ ਉੱਥੇ ਹੁੰਦਾ ਹੈ ਜਿੱਥੇ ਬੱਚੇ ਪਿਤਾ ਨਾਲ ਘੱਟ ਪਰ ਮਾਂ ਨਾਲ ਅਕਸਰ ਹੀ ਦੁਰਵਿਹਾਰ ਕਰਦੇ ਨਜ਼ਰ ਆਉਂਦੇ ਹਨ।  ਬੇਮੁਹਾਰ ਹੁੰਦੇ ਜਾ ਰਹੇ ਬੱਚਿਆਂ ਦੀ ਚਿੰਤਾ ਵਿੱਚ ਪਿਤਾ ਦਾ ਸੁਭਾਅ ਗੁੱਸੇਖ਼ੋਰ ਤੇ ਸਰੀਰ ਬੀਮਾਰੀਆਂ ਸਹੇੜ ਰਿਹਾ ਹੈ। ਮਾਂ ਪਰਿਵਾਰਕ ਅਸੰਤੁਲਨ ਤੋਂ ਪਰੇਸ਼ਾਨ ਤੇ ਬੇਬੱਸ ਹੁੰਦੀ ਜਾ ਰਹੀ ਹੈ।  ਇਸ ਲਈ ਮਾਂ-ਬਾਪ ਦੋਹਾਂ ਨੂੰ ਆਪਸੀ ਸੂਝ-ਬੂਝ ਨਾਲ ਚੱਲਣਾ ਪਵੇਗਾ। ਇਹ ਕਿਸੇ ਇੱਕਲੇ ਜਣੇ ਦੀ ਜ਼ਿੰਮੇਵਾਰੀ ਨਹੀਂ ਹੈ। ਪਿਤਾ ਨੇ ਕਿਉਂਕਿ ਘਰ ਤੋਂ ਬਾਹਰ ਦੇ ਕੰਮ ਵੀ ਦੇਖਣੇ ਹਨ ਇਸ ਲਈ ਘਰ ਦੇ ਕੰਮਾਂ ਵਿੱਚ ਜ਼ਿਆਦਾ ਸਮਾਂ ਦੇਣਾ ਆਸਾਨ ਨਹੀਂ ਹੈ। ਇਸ ਤੋਂ ਇਲਾਵਾ ਪਿਤਾ ਚਾਹੇ ਕਿੰਨਾ ਵੀ ਸ਼ਾਂਤ ਸੁਭਾਅ ਵਾਲਾ ਹੋਵੇ, ਮਾਂ ਵਰਗਾ ਠਰੰਮ੍ਹਾ ਉਸ ਵਿੱਚ ਨਹੀਂ ਆ ਸਕਦਾ। ਇਸ ਲਈ ਇਹ ਜ਼ਿੰਮੇਵਾਰੀ ਵੀ ਮੁੱਖ ਤੌਰ ’ਤੇ ਮਾਂ ਦੀ ਹੀ ਬਣਦੀ ਹੈ। ਬੱਚਿਆਂ ਦੇ ਮਾਮਲੇ ਵਿੱਚ ਮਾਂ ਬਾਪ ਦੋਵੇਂ ਹੀ ਇਹ ਸਮਝ ਲੈਣ ਕਿ ਇਹ ਮਸਲੇ ਇੱਕ ਦੂਜੇ ’ਤੇ ਹਾਵੀ ਹੋ ਕੇ ਫ਼ੈਸਲੇ ਲੈਣ ਵਾਲੇ ਨਹੀਂ ਹੁੰਦੇ, ਨਾ ਹੀ ਇਸ ਵਿੱਚ ਕਿਸੇ ਤਰ੍ਹਾਂ ਦੀ ਹਉਮੈਂ ਨੂੰ ਆਉਣ ਦੇਣਾ ਚਾਹੀਦਾ ਹੈ। ਮਾਂ ਬਾਪ ਦੋਵੇਂ ਹੀ ਬੱਚਿਆਂ ਦਾ ਭਲਾ ਸੋਚਦੇ ਹਨ ਤੇ ਜ਼ਿੰਦਗੀ ਭਰ ਉਨ੍ਹਾਂ ਲਈ ਜੂਝਦੇ ਹਨ। ਇਸ ਵਿੱਚ ਕਿਸੇ ਦਾ ਯੋਗਦਾਨ ਵੱਧ ਜਾਂ ਘੱਟ ਨਹੀਂ ਹੁੰਦਾ ਪਰ ਕੁਦਰਤੀ ਤੌਰ ’ਤੇ ਮਾਂ ਤੇ ਬੱਚੇ ਦਾ ਸਬੰਧ ਕੁਝ ਅਜਿਹਾ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੀ ਹੈ। ਅਜਿਹੀ ਸਥਿਤੀ ਵਿੱਚ ਪਿਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਪਤਨੀ ਦਾ ਮਨੋਬਲ ਵਧਾਵੇ। ਉਸ ’ਤੇ ਵਿਸਵਾਸ ਰੱਖੇ। ਮਾਂ ਬੇਸ਼ੱਕ ਪੜ੍ਹੀ-ਲਿਖੀ ਹੋਵੇ ਜਾਂ ਅਨਪੜ੍ਹ ਉਸ ਵਿੱਚ ਬੱਚਿਆਂ ਨੂੰ ਸਮਝਾ ਸਕਣ ਦੀ ਸਮਰੱਥਾ ਹੁੰਦੀ ਹੀ ਹੈ। ਦਰਅਸਲ ਇੱਕ ਔਰਤ ਮਾਂ ਦੇ ਰੂਪ ਵਿੱਚ ਚਾਹੇ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ, ਪਤਨੀ ਦੇ ਰੂਪ ਵਿੱਚ ਉਹ ਕਮਜ਼ੋਰ ਹੀ ਹੁੰਦੀ ਹੈ। ਪਤੀ ਦਾ ਇਹ ਭਰੋਸਾ ਉਸ ਨੂੰ ਡੋਲਣ ਤੋਂ ਬਚਾਈ ਰੱਖੇਗਾ। ਇਸ ਤੋਂ ਇਲਾਵਾ ਪਤੀ-ਪਤਨੀ ਬੱਚਿਆਂ ਦੀਆਂ ਜ਼ਰੂਰਤਾਂ ਮਿਲ ਕੇ ਨਿਸ਼ਚਿਤ ਕਰਨ। ਇੱਕ ਦੂਜੇ ਤੋਂ ਛੁਪਾ ਕੇ ਬੱਚੇ ਦੀ ਕਦੀ ਕੋਈ ਜ਼ਰੂਰਤ ਪੂਰੀ ਨਾ ਕੀਤੀ ਜਾਵੇ। ਬੱਚਿਆਂ ਨੂੰ ਜ਼ਿੰਮੇਵਾਰ ਬਣਾਇਆ ਜਾਏ। ਇਹ ਅਹਿਸਾਸ ਬੱਚਿਆਂ ਨੂੰ ਸਮੇਂ-ਸਮੇਂ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿ ਮਾਂ-ਬਾਪ ਜੋ ਕੁਝ ਉਨ੍ਹਾਂ ਲਈ ਕਰ ਰਹੇ ਹਨ, ਉਸ ਪਿੱਛੇ ਉਨ੍ਹਾਂ ਦਾ ਉਦੇਸ਼ ਸਿਰਫ਼ ਬੱਚਿਆਂ ਨੂੰ ਆਪਣੇ ਪੈਰਾਂ ਉਪਰ ਖੜ੍ਹਾ ਕਰਨ ਵਿੱਚ ਮਦਦ ਕਰਨਾ ਹੈ। ਆਪਣੀ ਮਮਤਾ ਦਾ ਕਮਜ਼ੋਰ ਪਹਿਲੂ ਬੱਚਿਆਂ ’ਤੇ ਉਜਾਗਰ ਨਾ ਹੋਣ ਦਿਓ ਬਲਕਿ ਆਪਣੇ ਫ਼ੈਸਲੇ ਮਜ਼ਬੂਤੀ ਨਾਲ ਲਵੋ। ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਨਾਲ-ਨਾਲ ਫ਼ਰਜ਼ਾਂ ਬਾਰੇ ਵੀ ਸੁਚੇਤ ਕਰੋ। ਮਾਂ ਹੀ ਇਹ ਸਭ ਕੰਮ ਕਰ ਸਕਦੀ ਹੈ। ਪਿਆਰ ਦੇ ਨਾਲ-ਨਾਲ ਅਨੁਸ਼ਾਸਨ ਦਾ ਆਪਣਾ ਮਹੱਤਵ ਹੈ।  ਬੱਚਿਆਂ ਨੂੰ ਵੀ ਮਾਂ-ਬਾਪ ਦੀ ਸਥਿਤੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਬਹੁਤ ਵਾਰੀ ਬੱਚੇ ਪਿਤਾ ਦੀ ਸਖ਼ਤੀ ਦਾ ਬਦਲਾ ਮਾਂ ’ਤੇ ਗੁੱਸਾ ਕਰਕੇ ਉਤਾਰਦੇ ਹਨ। ਉਹ ਮਾਂ ਕੋਲੋਂ ਆਪਣੇ ਕੰਮ ਕਰਾਉਣੇ ਅਤੇ ਨਾ ਹੋਣ ਦੀ ਸੂਰਤ ਵਿੱਚ ਗੁੱਸਾ ਕਰਨਾ ਆਪਣਾ ਅਧਿਕਾਰ ਸਮਝਦੇ ਹਨ। ਅਜਿਹੇ ਬੱਚਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੈਦਾ ਕਰਕੇ, ਪਾਲ ਕੇ ਕਿਸੇ ਸਮਰੱਥ ਬਣਾ ਸਕਣ ਵਾਲੀ ਮਾਂ ਨਾ ਕਮਜ਼ੋਰ ਹੁੰਦੀ ਹੈ ਨਾ ਹੀ ਬੇਵੱਸ। ਮਾਂ ਹੀ ਹਰ ਪਰਿਵਾਰ ਦਾ ਧੁਰਾ ਹੁੰਦੀ ਹੈ। ਉਸ ਦੀ ਗੈਰ ਮੌਜੂਦਗੀ ਵਿੱਚ ਕੁਝ ਵੀ ਆਪਣੀ ਜਗ੍ਹਾ ਕਾਇਮ ਨਹੀਂ ਰਹਿੰਦਾ। ਨਾ ਘਰ ਦਾ ਮਾਹੌਲ, ਨਾ ਪਿਆਰ, ਨਾ ਰਿਸ਼ਤੇ। ਮਾਂ ਲਈ ਜਿੰਨਾ ਪਰਿਵਾਰ ਮਹੱਤਵਪੂਰਨ ਹੈ ਓਨੀਂ ਹੀ ਪਰਿਵਾਰ ਲਈ ਮਾਂ ਮਹੱਤਵਪੂਰਨ ਹੈ।

ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ।ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥਪੁਣੇ ਦੇ ਅਜਿਹੇ ਦੌਰ ‘ਚੋਂ ਲੰਘ ਰਿਹਾ ਹੈ। ਜਿਥੇ ਇਨਸਾਨ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀਂ ਲਾਉਂਦਾ। ਸਮਾਜ ਵਿੱਚ ਕਿੰਨੀਆਂ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆਂ ਹਨ। ਸਾਨੂੰ ਬਜ਼ੁਰਗ ਮਾਂ ਬਾਪ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਦੀ ਬਜਾਇ ਉਨ੍ਹਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ।
ਘਰ ਵਿੱਚ ਮਾਂ ਪ੍ਰਕਾਸ਼ ਵਾਂਗ ਹੁੰਦੀ ਹੈ, ਮਾਂ ਦੇ ਦਿੱਤੇ ਹੋਏ ਸੰਸਕਾਰ ਅਤੇ ਦੁਆਵਾਂ ਅਤੇ ਅਸੀਸਾਂ ਮਾਂ ਦੀ ਹਮੇਸ਼ਾਂ ਔਲਾਦ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀਆਂ ਰਹਿੰਦੀਆਂ ਹਨ। ਮੈਂ ਹਮੇਸ਼ਾਂ ਮੰਨਦਾ ਹਾਂ ਕਿ ਮੈਂ ਖੁੱਦ ਮਾਂ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਅੱਜ ਇਕ ਸਕੂਲ ਟੀਚਰ ਵਿਚ ਪੜ੍ਹਉਣ ਦੇ ਕਾਬਿਲ ਬਣਿਆਂ ਹਾਂ, ਜਿੱਥੇ ਹਜ਼ਾਰਾਂ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਅਸੀਂ ਆਪਣੇ ਸਕੂਲ ਵਿੱਚ ਵੀ ਹਮੇਸ਼ਾਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਮਾਣ ਸਤਿਕਾਰ ਕਰਨ ਦੇ ਲਈ ਪ੍ਰੇਰਣਾ ਦਿੰਦੇ ਹਾਂ। ਮੇਰਾ ਮੰਨਣਾ ਹੈ ਕਿ ਮਾਂ ਦੀ ਬਦੌਲਤ ਹੀ ਬੱਚੇ ਵੱਡੇ-ਵੱਡੇ ਮੁਕਾਮਾਂ ‘ਤੇ ਫਤਹਿ ਹਾਸਲ ਕਰਦੇ ਹਨ।

Related posts

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin

ਆਸਟ੍ਰੇਲੀਅਨ ਨੇ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਲਿਆਂਦੀ ਨਰਮੀ !

admin

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin