ਇਸਲਾਮਾਬਾਦ – ਪਾਕਿਸਤਾਨ ‘ਚ ਇਮਰਾਨ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਦੀ ਸ਼ੁਰੂਆਤ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਵਿਰੋਧੀ ਮੈਂਬਰਾਂ ਸਮੇਤ 19 ਲੋਕਾਂ ਨੂੰ ਸੰਸਦ ਲਾਜ ਤੋਂ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸਲਾਮਾਬਾਦ ਪੁਲਿਸ ਨੇ ਵੀਰਵਾਰ ਰਾਤ ਨੂੰ ਇਹ ਕਾਰਵਾਈ ਕੀਤੀ। ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ ਦੇ ਮੁਖੀ ਨੇ ਪੁਲਿਸ ਵੱਲੋਂ ਸਾਰਿਆਂ ਨੂੰ ਰਿਹਾਅ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਸੜਕ ਜਾਮ ਦੀਆਂ ਯੋਜਨਾਵਾਂ ਨੂੰ ਮੁਅੱਤਲ ਕਰ ਦਿੱਤਾ। ਪੁਲਿਸ ਨੇ ਇਹ ਕਾਰਵਾਈ ਜਮੀਅਤ ਉਲੇਮਾ-ਏ-ਇਸਲਾਮ (ਜੇਯੂਆਈ-ਐਫ) ਦੀ ਸੁਰੱਖਿਆ ਲਈ ਗਠਿਤ ਅੰਸਾਰੁਲ ਇਸਲਾਮ ਦੇ ਮੈਂਬਰਾਂ ਦੇ ਸੰਸਦੀ ਲਾਜ ਵਿੱਚ ਦਾਖਲ ਹੋਣ ਤੋਂ ਬਾਅਦ ਕੀਤੀ। ਵਿਰੋਧੀ ਧਿਰ ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਮੰਤਰੀ ਇਮਰਾਨ ਦੀ ਨਿਰਾਸ਼ਾ ਨੂੰ ਦਰਸਾਉਂਦੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਪੀਪੀਪੀ ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਹਨ ਜਿਨ੍ਹਾਂ ਦੀ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਵਿੱਚ ਸ਼ਮੂਲੀਅਤ ਹੈ। ਇਮਰਾਨ ਨੇ ਲਾਹੌਰ ਦੇ ਗਵਰਨਰ ਹਾਊਸ ‘ਚ ਆਪਣੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕੀਤਾ।