ਇਸਲਾਮਾਬਾਦ – ਪਾਕਿਸਤਾਨ ‘ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (S3O) ਸੰਮੇਲਨ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ 12 ਤੋਂ 16 ਅਕਤੂਬਰ ਤੱਕ ਲਾਕਡਾਊਨ ਲਾਗੂ ਰਹੇਗਾ, ਜਿਸ ਤਹਿਤ ਮੈਰਿਜ ਹਾਲ, ਕੈਫੇ, ਰੈਸਟੋਰੈਂਟ ਅਤੇ ਸਨੂਕਰ ਕਲੱਬਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਸਮੇਂ ਦੌਰਾਨ ਕੋਈ ਵੀ ਜਨਤਕ ਸਮਾਗਮ ਨਾ ਹੀ ਕੋਈ ਵਿਆਹ ਸਮਾਗਮ, ਨਾ ਹੀ ਕਿਸੇ ਪਾਰਟੀ ਜਾਂ ਹੋਰ ਜਨਤਕ ਸਮਾਗਮ ਦੀ ਆਗਿਆ ਹੋਵੇਗੀ। ਇਹ ਸਖ਼ਤ ਕਦਮ ਐੱਸਸੀਓ ਸੰਮੇਲਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ, ਜਿਸ ਵਿਚ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਲ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਹੋਰ ਦੇਸ਼ਾਂ ਦੇ ਮੁਖੀ ਸ਼ਾਮਲ ਹੋਣ ਵਾਲੇ ਹਨ। ਇਹ ਕਾਨਫਰੰਸ 16 ਅਤੇ 17 ਅਕਤੂਬਰ ਨੂੰ ਇਸਲਾਮਾਬਾਦ ਵਿਚ ਹੋਵੇਗੀ।ਫ਼ੌਜ ‘ਤੇ ਪੂਰਾ ਭਰੋਸਾ ਜਤਾਉਂਦੇ ਹੋਏ ਪਾਕਿਸਤਾਨ ਸਰਕਾਰ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਫੌਜ ਨੂੰ ਸੌਂਪ ਦਿੱਤੀ ਹੈ। ਸਥਾਨਕ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਸਿੱਧੇ ਮਿਲਟਰੀ ਅਧਿਕਾਰੀਆਂ ਦੇ ਅਧੀਨ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ 10,000 ਤੋਂ ਵੱਧ ਫ਼ੌਜੀ ਅਤੇ ਕਮਾਂਡੋ ਤਾਇਨਾਤ ਕੀਤੇ ਗਏ ਹਨ।ਸੁਰੱਖਿਆ ਦੇ ਮੱਦੇਨਜ਼ਰ 14 ਅਤੇ 16 ਅਕਤੂਬਰ ਨੂੰ ਵੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਵਪਾਰੀਆਂ ਅਤੇ ਹੋਟਲ ਮਾਲਕਾਂ ਨੂੰ ਨੋਟਿਸ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਆਪਣੇ ਅਦਾਰਿਆਂ ਵਿਚ ਨਾ ਰਹਿਣ ਦੇਣ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ
previous post