ਦੁਬਈ – ICC ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਇਕ ਹੋਰ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ। ਦਰਅਸਲ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ICC ਚੈਂਪੀਅਨਜ਼ ਟਰਾਫੀ ਦੁਬਈ ਤੋਂ ਇਸਲਾਮਾਬਾਦ ਭੇਜ ਦਿੱਤੀ ਹੈ। ਹੁਣ ਪਾਕਿਸਤਾਨ ਕ੍ਰਿਕਟ ਬੋਰਡ ਇਸ ਟਰਾਫੀ ਦੌਰੇ ਲਈ ਤਿਆਰ ਹੈ ਭਾਵ ਕਿ ਇਹ ਟਰਾਫੀ ਪਾਕਿਸਤਾਨ ਦੀਆਂ ਵੱਖ-ਵੱਖ ਥਾਵਾਂ ‘ਤੇ ਪ੍ਰਸ਼ੰਸਕਾਂ ਵਿਚਕਾਰ ਲੈ ਕੇ ਜਾਵੇਗੀ। ਚੈਂਪੀਅਨਸ ਟਰਾਫੀ ਦੇ ਦੌਰੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਟਰਾਫੀ ਦੌਰੇ ਲਈ ਤਿਆਰ ਕੀਤੇ ਗਏ ਪ੍ਰੋਗਰਾਮ ‘ਚ ਬਦਲਾਅ ਕਰਨਾ ਪੈ ਸਕਦਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਮੁਤਾਬਕ ਚੈਂਪੀਅਨਸ ਟਰਾਫੀ 14 ਨਵੰਬਰ ਨੂੰ ਇਸਲਾਮਾਬਾਦ ਪਹੁੰਚ ਗਈ ਹੈ। ਹੁਣ 16 ਨਵੰਬਰ ਤੋਂ 24 ਨਵੰਬਰ ਤੱਕ ਟਰਾਫੀ ਨੂੰ ਪਾਕਿਸਤਾਨ ਦੇ ਵੱਖ-ਵੱਖ ਸਥਾਨਾਂ ‘ਤੇ ਪ੍ਰਸ਼ੰਸਕਾਂ ਵਿਚਕਾਰ ਲਿਜਾਇਆ ਜਾਵੇਗਾ। ਪ੍ਰੋਗਰਾਮ ਮੁਤਾਬਕ ਟਰਾਫੀ ਸਕਾਰਦੂ, ਮੁਰੀ, ਹੁੰਜ਼ਾ ਅਤੇ ਮੁਜ਼ੱਫਰਾਬਾਦ ਵਰਗੀਆਂ ਥਾਵਾਂ ‘ਤੇ ਜਾਵੇਗੀ। ਇਨ੍ਹਾਂ ’ਚੋਂ ਸਕਰਦੂ, ਹੁੰਜ਼ਾ ਅਤੇ ਮੁਜ਼ੱਫਰਾਬਾਦ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ’ਚ ਆਉਂਦੇ ਹਨ ਪਰ ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ICC ਨੇ PCB ਨੂੰ ਚੈਂਪੀਅਨਜ਼ ਟਰਾਫੀ ਦੇ ਦੌਰੇ ਨੂੰ ਕਿਸੇ ਵੀ ਵਿਵਾਦਿਤ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਿੱਚ ਲਿਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ 14 ਨਵੰਬਰ ਨੂੰ ਹੀ ਐਲਾਨ ਕੀਤਾ ਸੀ, ‘ਪਾਕਿਸਤਾਨ ਤਿਆਰ ਹੋ ਜਾਓ। ICC ਚੈਂਪੀਅਨਜ਼ ਟਰਾਫੀ 2025 ਦਾ ਟਰਾਫੀ ਟੂਰ 16 ਨਵੰਬਰ ਨੂੰ ਇਸਲਾਮਾਬਾਦ ’ਚ ਸ਼ੁਰੂ ਹੋਵੇਗਾ, ਜਿਸ ’ਚ ਸਕਾਰਦੂ, ਮੁਰੀ, ਹੁੰਜ਼ਾ ਅਤੇ ਮੁਜ਼ੱਫਰਾਬਾਦ ਵਰਗੇ ਸੈਰ-ਸਪਾਟਾ ਸਥਾਨਾਂ ਦਾ ਦੌਰਾ ਵੀ ਕੀਤਾ ਜਾਵੇਗਾ। 16-24 ਨਵੰਬਰ ਤੱਕ ਓਵਲ ਵਿਖੇ 2017 ’ਚ ਸਰਫਰਾਜ਼ ਅਹਿਮਦ ਵੱਲੋਂ ਜਿੱਤੀ ਗਈ ਟਰਾਫੀ ਦੀ ਇਕ ਝਲਕ ਵੇਖੋ।
ਚੈਂਪੀਅਨਸ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਣੀ ਹੈ ਪਰ ਟੀਮ ਇੰਡੀਆ ਦੇ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਅਤੇ ਜਵਾਬ ’ਚ ਪਾਕਿਸਤਾਨ ਵੱਲੋਂ ਹਾਈਬ੍ਰਿਡ ਮਾਡਲ ਲਈ ਤਿਆਰ ਨਾ ਹੋਣ ਕਾਰਨ ਸ਼ਡਿਊਲ ਦੇ ਐਲਾਨ ’ਚ ਦੇਰੀ ਹੋ ਰਹੀ ਹੈ। ਅਜਿਹੀ ਸਥਿਤੀ ’ਚ, ਆਈ.ਸੀ.ਸੀ. ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਬਿਨਾਂ ਕਿਸੇ ਅਧਿਕਾਰਤ ਟੂਰਨਾਮੈਂਟ ਦੇ ਪ੍ਰੋਗਰਾਮ ਦੇ ਟਰਾਫੀ ਦਾ ਦੌਰਾ ਹੋਵੇਗਾ। ਆਮ ਤੌਰ ‘ਤੇ ਟੂਰਨਾਮੈਂਟ ਦਾ ਸਮਾਂ ਘੱਟੋ-ਘੱਟ 100 ਦਿਨ ਪਹਿਲਾਂ ਐਲਾਨਿਆ ਜਾਂਦਾ ਹੈ, ਇਸ ਤੋਂ ਬਾਅਦ ਹੀ ਟਰਾਫੀ ਦਾ ਦੌਰਾ ਸ਼ੁਰੂ ਹੁੰਦਾ ਹੈ ਪਰ ਇਸ ਵਾਰ ਕੁਝ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਹੈ।