ਹਰਿਆਣੇ ਦੀ ਮੁਰਾਹ ਨਸਲ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੀ ਸਰਸਵਤੀ ਮੱਝ ਨੂੰ ਸੋਮਵਾਰ ਨੂੰ 51 ਲੱਖ ਰੁਪਏ ਵਿਚ ਵੇਚਿਆ ਗਿਆ ਹੈ। ਇਸ ਮੱਝ ਦੇ ਮਾਲਕ ਹਿਸਾਰ ਜ਼ਿਲੇ ਦੇ ਪਿੰਡ ਲੀਟਾਨੀ ਦੇ ਕਿਸਾਨ ਸੁਖਬੀਰ ਸਿੰਘ ਢੰਡਾ ਸਨ। ਮੱਝ ਜਿਸ ਦਾ ਨਾਂ ਸਰਸਵਤੀ ਸੀ, ਨੇ 33.131 ਕਿਲੋਗ੍ਰਾਮ ਦੁੱਧ ਦੇ ਕੇ ਪਾਕਿਸਤਾਨ ਦੀ ਮੱਝ ਦਾ ਰਿਕਾਰਡ ਤੋੜ ਦਿੱਤਾ ਸੀ। ਸਰਸਵਤੀ ਨੂੰ ਲੁਧਿਆਣਾ ਦੇ ਪਵਿੱਤਰ ਸਿੰਘ ਨੇ ਖ੍ਰੀਦਿਆ ਹੈ। ਸੁਖਬੀਰ ਨੂੰ ਸਰਸਵਤੀ ਚੋਰੀ ਹੋਣ ਦਾ ਡਰ ਸੀ ਪਰ ਉਹ ਇਸ ਨੂੰ ਇਕ ਕਰੋੜ ਰੁਪਏ ਵਿਚ ਵੀ ਵੇਚਣ ਨੂੰ ਤਿਆਰ ਨਹੀਂ ਸੀ।
ਦਰਅਸਲ, ਸੁਖਬੀਰ ਕੁਝ ਦਿਨ ਪਹਿਲਾਂ ਸਰਸਵਤੀ ਨਾਲ ਲੁਧਿਆਣਾ ਦੇ ਜਗਰਾਉਂ ਵਿਖੇ ਡੇਅਰੀ ਅਤੇ ਐਗਰੀ ਐਕਸਪੋ ਵਿਚ ਹਿੱਸਾ ਲੈਣ ਗਿਆ ਸੀ। ਉਥੇ ਸਰਸਵਤੀ ਨੇ 33.131 ਕਿਲੋਗ੍ਰਾਮ ਦੁੱਧ ਦੇ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਸੀ, ਜਿਸ ‘ਤੇ ਉਸ ਨੂੰ ਦੋ ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਪਾਕਿਸਤਾਨ ਦੀ ਮੱਝ ਦੇ ਨਾਮ ਸੀ, ਜਿਸਨੇ 32.050 ਕਿਲੋ ਦੁੱਧ ਦਿੱਤਾ ਸੀ।
ਇਕ ਲੱਖ 30 ਹਜ਼ਾਰ ਰੁਪਏ ਵਿਚ ਖ੍ਰੀਦੀ ਸੀ ਸਰਸਵਤੀ
ਕਿਸਾਨ ਨੇ ਮੱਝ ਨੂੰ ਵੇਚਣ ਤੋਂ ਪਹਿਲਾਂ ਸਮਾਗਮ ਦਾ ਆਯੋਜਨ ਕੀਤਾ ਜਿਸ ਵਿਚ ਹਿਸਾਰ ਤੋਂ ਇਲਾਵਾ ਰਾਜਸਥਾਨ, ਯੂ ਪੀ, ਪੰਜਾਬ ਤੋਂ ਤਕਰੀਬਨ 700 ਕਿਸਾਨ ਸ਼ਾਮਲ ਹੋਏ। ਸੁਖਬੀਰ ਸਿੰਘ ਨੇ ਦੱਸਿਆ ਕਿ ਉਸਨੇ ਸਰਸਵਤੀ ਨੂੰ ਕਰੀਬ ਚਾਰ ਸਾਲ ਪਹਿਲਾਂ ਬਰਵਾਲਾ ਦੇ ਪਿੰਡ ਖੋਖਾ ਦੇ ਇੱਕ ਕਿਸਾਨ ਗੋਪੀਰਾਮ ਤੋਂ ਇੱਕ ਲੱਖ 30 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਸਰਸਵਤੀ ਨੇ ਕਈ ਬੱਚਿਆਂ ਨੂੰ ਜਨਮ ਦਿੱਤਾ। ਇਸ ਸਮੇਂ ਉਹ ਦੁੱਧ ਅਤੇ ਸੀਮੇਨ ਵੇਚ ਕੇ ਇਕ ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ।
ਸਰਸਵਤੀ ਨੇ ਕਈ ਰਿਕਾਰਡ ਬਣਾਏ ਸਨ
ਸਰਸਵਤੀ ਨੇ ਪਹਿਲਾਂ ਸੁਖਬੀਰ ਸਿੰਘ ਢੰਡਾ ਨੂੰ ਕਈ ਮਾਣਮੱਤੇ ਮੌਕੇ ਦਿੱਤੇ ਹਨ। ਉਹ ਦੱਸਦਾ ਹੈ, ‘ਸਰਸਵਤੀ ਨੇ ਪਿਛਲੇ ਸਾਲ ਹਿਸਾਰ ਵਿਚ 29.31 ਕਿਲੋਗ੍ਰਾਮ ਦੁੱਧ ਦੇ ਕੇ ਪਹਿਲਾ ਇਨਾਮ ਜਿੱਤਿਆ ਸੀ। ਉਸਨੇ ਹਿਸਾਰ ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਬਫੇਲੋ ਰਿਸਰਚ ਦੇ ਪ੍ਰੋਗਰਾਮ ਵਿੱਚ 28.7 ਕਿਲੋ ਦੁੱਧ ਦੇ ਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ ਸੀ। ਉਸਨੇ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਵਿਖੇ 28.8 ਕਿਲੋ ਦੁੱਧ ਉਤਪਾਦਨ ਦੇ ਨਾਲ ਮੁਕਾਬਲਾ ਵੀ ਜਿੱਤਿਆ ਸੀ।