Articles

ਪਾਣੀ ਖੁਣੋਂ ਪੰਜਾਬ ਦੇ ਹਾਲਾਤ ਰਾਜਸਥਾਨ ਦੇ ‘ਖੂਨੀ ਟਿੱਬਿਆਂ’ ਵਰਗੇ ਬਣ ਜਾਣਗੇ !

ਰਾਜਸਥਾਨ ਦੇ 'ਖੂਨੀ ਟਿੱਬਿਆਂ' ਦੀ ਦਰਦ ਕਹਾਣੀ ਅਜਿਹੀ ਹੈ ਜਿਸ ਨੂੰ ਸੁਣ ਕੇ ਮਨੁੱਖ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ ।
ਲੇਖਕ: ਮਨਜਿੰਦਰ ਸਿੰਘ ਸਰੌਦ

ਜੇਕਰ ਕਿਸੇ ਵੀ ਇਨਸਾਨ ਨੇ ‘ਪਾਣੀ ਦੀ ਅਸਲ ਕੀਮਤ’ ਮਾਪਣੀ ਹੋਵੇ ਤਾਂ ਮੱਧ ਪ੍ਰਦੇਸ਼ ਦੇ ਪਿੰਡਾਂ ਅੰਦਰ ਜਾ ਕੇ ‘ਮੌਤ ਦੇ ਕੂਏ’ ਨੂੰ ਵੇਖਿਆ ਜਾ ਸਕਦਾ ਹੈ । ਉਸ ਤੋਂ ਬਾਅਦ ਰਾਜਸਥਾਨ ਦੇ ‘ਖੂਨੀ ਟਿੱਬਿਆਂ’ ਦੀ ਦਰਦ ਕਹਾਣੀ ਅਜਿਹੀ ਹੈ ਜਿਸ ਨੂੰ ਸੁਣ ਕੇ ਮਨੁੱਖ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ । ਪਰ ਅੱਜ ਦਾ ਮਨੁੱਖ ਇੰਨਾ ਬੇ-ਰਹਿਮ ਹੋ ਚੁੱਕਿਆ ਹੈ ਕਿ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਇਹ ਮਨੁੱਖ ਆਪਣੀ ਹੀ ‘ਪਾਣੀ ਰੂਪੀ ਜ਼ਿੰਦਗੀ’ ਨੂੰ ਖੁਦ ਹੱਥੀ ਖਤਮ ਕਰਨ ਦੇ ਰਾਹ ਤੁਰੇਗਾ । ਬਾਕੀ ਸੂਬਿਆਂ ਤੋਂ ਬਾਅਦ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਆ ਰਹੀਆਂ ਰਿਪੋਰਟਾਂ ਅਨੁਸਾਰ ਜੋ ਅੰਕੜੇ ਸਾਹਮਣੇ ਆ ਰਹੇ ਨੇ, ਉਹ ਬੇਹੱਦ ਖਤਰਨਾਕ, ਦਿਲ ਨੂੰ ਝੰਝੋੜਨ ਵਾਲੇ ਅਤੇ ਹੈਰਾਨੀਜਨਕ ਹਨ । ਸੂਬੇ ਦੇ ਬਹੁਤ ਸਾਰੇ ਬਲਾਕਾਂ ਅੰਦਰ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਅਤੇ ਜ਼ਹਿਰੀਲਾ ਹੋ ਜਾਣ ਦੇ ਕਾਰਨ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ । ਵੱਡੀ ਗਿਣਤੀ ਵਿੱਚ ਬਲਾਕ ਖ਼ਤਰਨਾਕ ਜੋਨ

ਕਈ ਇਲਾਕਿਆਂ ਅੰਦਰ ਇਸ ਤੋਂ ਵੀ ਜ਼ਿਆਦਾ ਜਾਂ ਬਹੁਤ ਸਾਰੀਆਂ ਜਗਾਵਾਂ ‘ਤੇ 140 ਫੁੱਟ ਦੇ ਆਸ-ਪਾਸ ਹੁਣ ਆਮ ਗੱਲ ਹੈ । ਸੰਨ 1990 ਦੇ ਦਹਾਕੇ ਦੌਰਾਨ ਨਹਿਰਾਂ ਦੇ ਨਾਲ ਲੱਗਦੇ ਪਿੰਡਾਂ ਅੰਦਰ ਧਰਤੀ ਹੇਠਲਾ ਮਿੱਠਾ ਪਾਣੀ ਮਹਿਜ਼ 5 ਤੋਂ 10 ਫੁੱਟ ਦੇ ਕਰੀਬ ਹੁੰਦਾ ਸੀ ਪਰ ਸਮਾਂ ਬਦਲਦਿਆਂ ਬਹੁਤੀ ਦੇਰ ਨਾ ਲੱਗੀ, 35 ਕੁ ਵਰ੍ਹਿਆਂ ਬਾਅਦ ਹੀ ਹੁਣ ਨਹਿਰਾਂ ਕੰਢੇ ਵੀ ਪਾਣੀ ਦਾ ਪੱਧਰ 50 ਤੋਂ 70 ਫੁੱਟ ਦੇ ਨੇੜੇ ਪਹੁੰਚ ਗਿਆ ਹੈ । ਧਰਤੀ ਹੇਠਲੇ ਪਾਣੀ ਦੇ ਇਸ ਕਦਰ ਡੂੰਘਾ‌ ਅਤੇ ਕੈਮੀਕਲ ਭਰਪੂਰ ਹੋ ਜਾਣ ‘ਤੇ ਭਾਵੇਂ ਚਿੰਤਕ ਲੋਕ ਸਮੇਂ-ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਹਨ ਪਰ ਹਾਲਾਤ ਹਰ ਰੋਜ਼ ਖਤਰਨਾਕ ਦਿਸ਼ਾ ਅਤੇ ਦਸ਼ਾ ਵਿੱਚ ਤਬਦੀਲ ਹੋ ਰਹੇ ਹਨ । ਲੱਖਾਂ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਖੇਤਾਂ ਅਤੇ ਘਰਾਂ ਵਿੱਚ ਕੀਤੇ ਜਾ ਰਹੇ ਬੋਰਾਂ ਨਾਲ 400 ਫੁੱਟ ਤੋਂ ਲੈ ਕੇ 600 ਫੁੱਟ ਤੱਕ ਧਰਤੀ ਦਾ ਸੀਨਾ ਛਲਣੀ ਕੀਤਾ ਜਾ ਰਿਹਾ ਹੈ । ਇੰਨਾ ਕੁਝ ਹੋਣ ਦੇ ਬਾਵਜੂਦ ਪਾਣੀ ਦੀ ਦੁਰਵਰਤੋਂ ਰੁਕ ਨਹੀਂ ਰਹੀ।

ਕੁਝ ਲੋਕ ਪਾਣੀ ਦੇ ਡੁੰਘਾਈ ਵੱਲ ਜਾਣ ਦਾ ਕਾਰਨ ਪੂਸਾ 44 ਝੋਨੇ ਨੂੰ ਦੱਸ ਰਹੇ ਹਨ । ਪਰ ਫੈਕਟਰੀਆਂ ਅੰਦਰ 10-10 ਇੰਚੀ ਬੋਰ ਕਰਕੇ ਬਾਹਰ ਸੁੱਟੇ ਜਾ ਰਹੇ ਪਾਣੀ ਨੂੰ ਮਨਫੀ ਕਿਵੇਂ ਕਰ ਸਕਦੇ ਹਾਂ । ਫੈਕਟਰੀਆਂ ਅੰਦਰ ਜਿੱਥੇ ਪਾਣੀ ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਹੋ ਰਹੀ ਹੈ ਉੱਥੇ ਹੀ ਮੁਨਾਫ਼ੇਖੋਰਾਂ ਵੱਲੋਂ ਪਾਣੀ ਨੂੰ ਕੈਮੀਕਲਾਂ ਰਾਹੀਂ ਪਲੀਤ ਕਰਨ ਦਾ ਕੰਮ ਵੀ ਚਰਮ ਸੀਮਾ ‘ਤੇ ਹੈ । ਇਸ ਸਾਰੇ ਵਰਤਾਰੇ ਦੌਰਾਨ ਬਹੁਤ ਸਾਰੇ ਪਿੰਡਾਂ ਦੇ ਲੋਕ ਕੈਮੀਕਲ ਭਰਪੂਰ ਪਾਣੀ ਪੀਣ ਲਈ ਮਜ਼ਬੂਰ ਹਨ ਜਿਸ ਦੇ ਨਾਲ ਸਮਾਜ ਬਿਮਾਰੀਆਂ ਦੀ ਜਕੜ ਵਿੱਚ ਆ ਰਿਹਾ ਹੈ । ਕੁਝ ਵਰ੍ਹੇ ਪਹਿਲਾਂ ਘਰਾਂ ਦੇ ਅੰਦਰ ਕਰੀਬ 150 ਤੋਂ ਲੈ ਕੇ 200 ਫੁੱਟ ਤੱਕ ਕੀਤੇ ਜਾਂਦੇ ਬੋਰਾਂ ਵਿੱਚੋਂ ਪਾਣੀ ਬਹੁਤ ਵਧੀਆ ਤੱਤ ਭਰਪੂਰ ਆਉਂਦਾ ਸੀ ਪਰ ਹੁਣ ਹਾਲਾਤ ਇੰਨੇ ਭਿਆਨਕ ਹੋ ਚੁੱਕੇ ਹਨ ਕਿ ਉਹ ਮਿੱਠਾ ਪਾਣੀ ਹੁਣ 400 ਫੁੱਟ ਤੋਂ ਬਾਅਦ ਜਾ ਕੇ ਵੀ ਨਸੀਬ ਨਹੀਂ ਹੋ ਰਿਹਾ । ਹਾਲਾਤ ਭਾਵੇਂ ਬਹੁਤ ਖਤਰਨਾਕ ਦਿਸ਼ਾ ਵੱਲ ਜਾ ਰਹੇ ਹਨ ਪਰ ਅਸੀਂ ਪਾਣੀ ਦੀ ਸੰਭਾਲ ਪ੍ਰਤੀ ਕੋਈ ਵੀ ਠੋਸ ਨੀਤੀ ਨਹੀਂ ਅਪਣਾ ਰਹੇ ।

ਸੂਬਾ ਸਰਕਾਰ ਵੱਲੋਂ ਪੰਜਾਬ ਅੰਦਰ ਝੋਨੇ ਦੀ ਲਵਾਈ ਨੂੰ 3 ਜੋਨਾਂ ਵਿੱਚ ਵੰਡ ਕੇ 1 ਜੂਨ ਤੋਂ ਲਵਾਈ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਵੱਡੇ ਹਿੱਸੇ ਵੱਲੋਂ ਪੂਸਾ 44 ‘ਤੇ ਪਾਬੰਦੀ ਦੇ ਬਾਵਜੂਦ ਪੂਸਾ 44 ਝੋਨੇ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ । ਮੱਕੀ ਦੀ ਫ਼ਸਲ ਵੀ ਪੰਜਾਬ ਦੇ ਪਾਣੀ ਨੂੰ ਖਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ । ਇਹ ਵੀ ਪੰਜਾਬ ਦੇ ਹਿੱਤ ਵਿੱਚ ਨਹੀਂ । ਉਸ ਤੋਂ ਬਾਅਦ ਬਹੁਤ ਸਾਰੇ ਸੱਜਣਾਂ ਵੱਲੋਂ ਧਰਤੀ ਨੂੰ ਠੰਡਾ ਕਰਨ ਦੇ ਮਕਸਦ ਹੇਠ ਖੁੱਲ੍ਹੇਆਮ ਬੇ-ਰਹਿਮੀ ਨਾਲ ਖੇਤਾਂ ਦੇ ਅੰਦਰ ਛੱਡਿਆ ਜਾ ਰਿਹਾ ਪਾਣੀ ਵੀ ਸਾਡੇ ਜੜ੍ਹੀ ਬੈਠ ਰਿਹਾ ਹੈ । ਇੱਕ ਪਾਸੇ ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋ ਜਾਣ ਦੀ ਦੁਹਾਈ ਦੇ ਰਹੇ ਹਾਂ ਅਤੇ ਦੂਜੇ ਪਾਸੇ ਉਸ ਦੀ ਅੰਨ੍ਹੇਵਾਹ ਦੁਰਵਰਤੋ ਕੀਤੀ ਜਾ ਰਹੀ ਹੈ । ਚੰਗਾ ਹੋਵੇ ਜੇਕਰ ਘੱਟ ਸਮੇਂ ਵਿੱਚ ਪੱਕਣ ਵਾਲੇ ਝੋਨੇ ਦੇ ਬੀਜ ਬੀਜੇ ਜਾਣ, ਫੈਕਟਰੀਆਂ ਅੰਦਰ ਹੋ ਰਹੇ ਪਾਣੀ ਦੀ ਦੁਰਵਰਤੋ ਨੂੰ ਸਖਤੀ ਨਾਲ ਰੋਕਿਆ ਜਾਵੇ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਨਿਰਭਰਤਾ ਵਧਾਉਣ ਤੋਂ ਇਲਾਵਾ ਹਰ ਇੱਕ ਉਸ ਗੱਲ ‘ਤੇ ਪਾਬੰਦੀ ਲੱਗੇ ਜਿਸ ਨਾਲ ਪਾਣੀ ਦੀ ਦੁਰਵਰਤੋਂ ਹੁੰਦੀ ਹੈ । ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਸਾਡੀ ‘ਜਰਖੇਜ਼ ਧਰਤੀ’ ਦਾ ਹਾਲ ਵੀ ਮਹਿਜ਼ ਕੁਝ ਸਮੇਂ ਤੱਕ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ‘ਖ਼ੂਨੀ ਟਿੱਬਿਆਂ’ ਵਰਗਾ ਹੋ ਜਾਵੇਗਾ ।

Related posts

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin

ਅੱਜ ਤੱਕ ਕੁੱਲ 54,422 ਸੂਬੇ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ: ਮੁੱਖ-ਮੰਤਰੀ ਮਾਨ

admin

ਕੀ ਈਰਾਨ ਵਿੱਚ ਸ਼ਾਸਨ ਬਦਲਣ ਨਾਲ ਸਥਿਤੀ ਸੁਧਰ ਜਾਵੇਗੀ: ਡਾ. ਫਾਰੂਕ ਅਬਦੁੱਲਾ

admin