ਬਰਨਾਲਾ – ਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਆਪਣੇ 135 ਕਰੀਬ 70 ਸਾਲ ਦੀ ਉਮਰ ਦਾ ਮਾਣਮੱਤਾ ਸਫ਼ਰ ਪੂਰਾ ਕਰਨ ਵਾਲੇ ਸਾਥੀਆਂ ਦਾ ਹਾਰ ਪਾਕੇ ਸਵਾਗਤ ਕਰਦਿਆਂ ਲੋਈ, ਮੋਮੈਂਟੋ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦਾ ਕਲੰਡਰ ਦੇਕੇ ਉਨ੍ਹਾਂ ਦੀ ਸਫ਼ਲ ਸੰਘਰਸ਼ਮਈ ਜ਼ਿੰਦਗੀ ਦੀ ਕਾਮਨਾ ਕਰਦਿਆਂ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਸੀ ਕਿ 43 ਪਰਵਾਰਿਕ ਪੈਨਸ਼ਨ ਹਾਸਲ ਕਰਨ ਵਾਲੀਆਂ ਭੈਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਜ਼ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਸੰਘਰਸ਼ਾਂ ਦੀ ਲੋਅ ਵੰਡਦਾ ਕਲੰਡਰ ਤਾੜੀਆਂ ਦੀ ਗੜਗੜਾਹਟ ਵਿੱਚ ਜਾਰੀ ਕੀਤਾ ਗਿਆ।
ਇਸ ਮੌਕੇ ਬੁਲਾਰੇ ਆਗੂਆਂ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ, ਡਿਪਟੀ ਜਨਰਲ ਸਕੱਤਰ ਸ਼ਿਵ ਕੁਮਾਰ ਤਿਵਾੜੀ, ਸ਼ਿੰਦਰ ਸਿੰਘ ਧੌਲਾ ਅਤੇ ਨਰਾਇਣ ਦੱਤ ਨੇ ਪੈਨਸ਼ਨਰਜ਼ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਸੰਘਰਸ਼ਾਂ ਵਿੱਚ ਯੋਗਦਾਨ ਪਾਉਂਦੇ ਰਹਿਣ ਦੀ ਤਾਕੀਦ ਕੀਤੀ। ਆਗੂਆਂ ਕਿਹਾ ਕਿ 58-60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦੇਣਾ ਸਰਕਾਰਾਂ ਦੀ ਖੈਰਾਤ ਨਹੀਂ ਸਗੋਂ ਜਾਨਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤਾ ਬੁਨਿਆਦੀ ਅਧਿਕਾਰ ਹੈ। ਕੇਂਦਰ ਅਤੇ ਸੂਬਾ ਸਰਕਾਰਾਂ, ਸਾਮਰਾਜੀ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਤਹਿਤ ਇਸ ਬੁਨਿਆਦੀ ਅਧਿਕਾਰ ਤੇ ਡਾਕਾ ਮਾਰਕੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਨ। ਨਵੀਂ ਪੈਨਸ਼ਨ ਸਕੀਮ ਖਿਲਾਫ਼ ਲੰਬੇ ਸੰਘਰਸ਼ ਤੋਂ ਬਾਅਦ ਲਾਗੂ ਕੀਤੀ ਯੂਪੀਐੱਸ ਵੀ ਨਵੀਂ ਪੈਨਸ਼ਨ ਸਕੀਮ ਦਾ ਹੀ ਜਾਰੀ ਰੂਪ ਹੈ। ਇਸ ਤਰ੍ਹਾਂ ਜਿਵੇਂ ਨਵੀਂ ਭਰਤੀ ਇੱਕ ਤਰ੍ਹਾਂ ਨਾਲ ਬੰਦ ਕਰਕੇ, ਠੇਕੇਦਾਰੀ,ਆਊਟਸੋਰਸ ਸਕੀਮ ਲਾਗੂ ਕੀਤੀ ਜਾ ਰਹੀ ਹੈ।
ਮਹਿੰਦਰ ਸਿੰਘ ਕਾਲਾ, ਰੂਪ ਚੰਦ ਤਪਾ, ਗੁਰਚਰਨ ਸਿੰਘ, ਗੌਰੀ ਸ਼ੰਕਰ, ਸਿਕੰਦਰ ਸਿੰਘ ਤਪਾ, ਮੋਹਣ ਸਿੰਘ ਛੰਨਾਂ, ਰਜਿੰਦਰ ਸਿੰਘ ਖਿਆਲੀ, ਜਗਦੀਸ਼ ਸਿੰਘ ਨਾਈਵਾਲਾ, ਅਬਜਿੰਦਰ ਸਿੰਘ, ਜੋਗਿੰਦਰ ਪਾਲ, ਜਗਰਾਜ ਸਿੰਘ, ਤੀਰਥ ਦਾਸ, ਸਿੰਗਾਰਾ ਸਿੰਘ, ਰਾਮ ਸਿੰਘ ਠੀਕਰੀਵਾਲਾ, ਬਹਾਦਰ ਸਿੰਘ ਸੰਘੇੜਾ ਆਦਿ ਆਗੂਆਂ ਨੇ ਪੈਨਸ਼ਨਰਜ਼ ਅਤੇ ਪ੍ਰੀਵਾਰਿਕ ਪੈਨਸ਼ਨ ਹਾਸਲ ਕਰ ਰਹੇ ਸਾਥੀਆਂ ਨੂੰ ਪਿਛਲੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਲਈ ਸੰਗਰਾਮੀ ਮੁਬਾਰਕ ਆਖਦਿਆਂ, ਭਵਿੱਖੀ ਸੰਘਰਸ਼ਾਂ ਵਿੱਚ ਪੂਰੀ ਤਨਦੇਹੀ ਨਾਲ ਯੋਗਦਾਨ ਪਾਉਂਦੇ ਰਹਿਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੇ ਫਰਜ਼ ਗੁਰਚਰਨ ਸਿੰਘ ਬਰਨਾਲਾ ਨੇ ਬਾਖੂਬੀ ਨਿਭਾਏ।