ਮਾਨਸਾ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਥੇਬੰਦੀ ਦੀ ਨਵੇਂ ਸਿਰੇ ਤੋਂ ਮੈਂਬਰਸ਼ਿਪ ਕੱਟ ਕੇ ਮਾਨਸਾ ਜਿਲ੍ਹੇ ਵਿੱਚ ਮੁਕੰਮਲ ਕਰਨ ਤੋਂ ਬਾਅਦ ਹੁਣ ਪਿੰਡ ਕਮੇਟੀਆਂ ਦੀਆਂ ਚੋਣਾਂ ਕਰਵਾਉਣ ਦੀ ਮੁਹਿੰਮ ਆਰੰਭ ਦਿੱਤੀ ਹੈ। ਹੁਣ ਤੱਕ ਜਿਲ੍ਹੇ ਦੇ 52 ਪਿੰਡਾਂ ਵਿੱਚ ਚੋਣ ਮੁਹਿੰਮ ਮੁਕੰਮਲ ਕਰ ਲਈ ਗਈ ਹੈ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰੱਖੀ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬਲਾਕ ਮਾਨਸਾ ਦੇ 14 ਪਿੰਡ ਝੁਨੀਰ ਦੇ 11, ਸਰਦੂਲਗੜ੍ਹ ਦੇ 7, ਭੀਖੀ ਦੇ 6, ਬੁਢਲਾਡਾ ਦੇ 14 ਪਿੰਡਾਂ ਵਿੱਚ ਜਥੇਬੰਦੀ ਦੀਆਂ ਕਮੇਟੀਆਂ ਦੀ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਵਾਰ ਕਿਸਾਨ ਔਰਤਾਂ ਅਤੇ ਨੌਜਵਾਨਾਂ ਵੱਲੋਂ ਜਥੇਬੰਦੀ ਦੀ ਮੈਂਬਰਸ਼ਿਪ ਲਈ ਗਈ ਹੈ ਜਿਸ ਨਾਲ ਕਿਸਾਨਾਂ ਦੀ ਜਥੇਬੰਦਕ ਤਾਕਤ ਹੋਰ ਵਧੇਗੀ। ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਕਮੇਟੀਆਂ ਦੀਆਂ ਚੋਣਾਂ ਸਮੇਂ ਵੱਖ-ਵੱਖ ਪਿੰਡਾਂ ਵਿੱਚ ਹੋਏ ਇਕੱਠਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਰਪੋਰੇਟ ਘਰਾਣਿਆਂ ਦਾ ਪਾਣੀਆਂ ‘ਤੇ ਮੁਕੰਮਲ ਕਬਜਾ ਹੋਵੇਗਾ। ਬਿਜਲੀ ਬੋਰਡ ਵੀ ਉਨਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ। ਇਸ ਨਾਲ ਬਿਜਲੀ ਦਰਾਂ ਅਸਮਾਨੀ ਚੜਨਗੀਆਂ। ਇਸੇ ਨੀਤੀ ਤਹਿਤ ਹੀ ਪ੍ਰੀਪੇਡ ਮੀਟਰ ਲਾਏ ਜਾ ਰਹੇ ਹਨ ਤਾਂ ਜੋ ਪ੍ਰਾਈਵੇਟ ਘਰਾਣਿਆਂ ਦੇ ਕਾਰੋਬਾਰ ਵਿੱਚ ਕੋਈ ਦਿੱਕਤ ਨਾ ਆਵੇ। ਫਸਲਾਂ ਦੀ ਖਰੀਦ ਬੰਦ ਹੋਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਜਿਨਸਾਂ ਦੇ ਰੇਟ ਤਹਿ ਕਰਨ ਦੀ ਨੀਤੀ ਦਾ ਭੋਗ ਪਾਇਆ ਜਾਵੇਗਾ, ਕਿਸਾਨਾਂ ਕੋਲੋਂ ਉਨਾਂ ਦੀਆਂ ਜ਼ਮੀਨਾਂ ਖੋਹ ਕੇ ਕੰਪਨੀਆਂ ਨੂੰ ਲੰਮੇ ਸਮੇਂ ਲਈ ਲੀਜ ‘ਤੇ ਦੇਣ ਲਈ ਪੰਜਾਬ ਸਰਕਾਰ ਨੇ ਮੁਹਿੰਮ ਛੇੜ ਰੱਖੀ ਹੈ। ਅੱਗੇ ਖੇਤੀ ਦੇ ਪੂਰੇ ਪ੍ਰਬੰਧ ਨੂੰ ਵੱਡੇ ਫਾਰਮਾਂ ਵਿੱਚ ਬਦਲਿਆਂ ਜਾਵੇਗਾ ਜਿਸ ਨਾਲ ਆਮ ਕਿਸਾਨ ਖੇਤੀ ਵਿੱਚੋਂ ਬਾਹਰ ਕੀਤਾ ਜਾਵੇਗਾ। ਜ਼ਮੀਨਾਂ ਤੇ ਸਰਕਾਰੀ ਅਦਾਰਿਆਂ ਅਤੇ ਪਾਣੀਆਂ ਨੂੰ ਕੰਪਨੀਆਂ ਤੋਂ ਬਚਾਉਣ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਹੋਕਾ ਵੀ ਦਿੱਤਾ।
ਵੱਖ-ਵੱਖ ਪਿੰਡਾਂ ਵਿੱਚ ਭੋਲਾ ਸਿੰਘ ਮਾਖਾ, ਜੋਗਿੰਦਰ ਸਿੰਘ ਦਿਆਲਪੁਰਾ, ਉਤਮ ਸਿੰਘ ਰਾਮਾਂਨੰਦੀ, ਮੇਜਰ ਸਿੰਘ ਗੋਬਿੰਦਪੁਰਾ, ਕੁਲਦੀਪ ਸਿੰਘ, ਜਗਸੀਰ ਸਿੰਘ ਜਵਾਹਰਕੇ, ਹਰਪਾਲ ਸਿੰਘ ਪਾਲੀ ਹਾਜ਼ਰ ਸਨ।