ਮਾਨਸਾ – ਸੋਮਵਾਰ ਨੂੰ ਪਿੰਡ ਬੁਰਜ ਰਾਠੀ ਵਿਖੇ ਕਿਸਾਨਾਂ ਨੇ ਬੀਬੀ ਹਰਸਿਮਰਤ ਕੌਰ ਦੀ ਆਮਦ ਦਾ ਵਿਰੋਧ ਕਰਕੇ ਨਾਅਰੇਬਾਜ਼ੀ ਕੀਤੀ। ਜਿਸ ਕਰਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਕਿਸਾਨਾਂ ਦੇ ਨਾਲ ਔਰਤਾਂ ਨੇ ਵੀ ਵਿਰੋਧ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਸਿਮਰਤ ਕੌਰ ਦੇ ਨਾਲ ਪਹੁੰਚੇ ਸਥਾਨਕ ਨੇਤਾ ਵੀ ਨਿਰਾਸ਼ ਹੋ ਕੇ ਮੁੜ ਗਏ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਜਿ਼ਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਕਿਸੇ ਘਰ ਅਫਸੋਸ ਕਰਨ ਲਈ ਪੁੱਜਣਾ ਸੀ, ਪਰ ਜਦ ਕਿਸਾਨਾਂ ਨੂੰ ਇਸ ਦੀ ਭਿਣਕ ਪਈ ਤਾਂ ਇਸ ਦੌਰਾਨ 600 ਕਿਸਾਨਾਂ ਨੇ ਝੰਡੇ ਲੈ ਕੇ ਉਸ ਦਾ ਵਿਰੋਧ ਕੀਤਾ। ਭਾਕਿਯੂ ਏਕਤਾ ਡਕੌਦਾ ਦੇ ਬਲਾਕ ਸਕੱਤਰ ਮੱਖਣ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਦੇ ਘਰ ਅਫਸੋਸ ਲਈ ਆਉਣ ਬਾਰੇ ਕਿਹਾ ਤਾਂ ਉਨ੍ਹਾਂ ਨੇ ਇਸ ਤੇ ਸਹਿਮਤੀ ਦੇ ਦਿੱਤੀ, ਪਰ ਜਦ ਹਰਸਿਮਰਤ ਦੇ ਨਾਲ ਸਥਾਨਕ ਅਕਾਲੀ ਨੇਤਾ ਪਿੰਡ ਵਿੱਚ ਵੜ੍ਹੇ ਤਾਂ ਕਿਸਾਨਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਅਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਅਕਾਲੀ ਨੇਤਾਵਾਂ ਅਤੇ ਸਾਬਕਾ ਕੇਂਦਰੀ ਮੰਤਰੀ ਨੂੰ ਵਾਪਸ ਮੁੜਨਾ ਪਿਆ। ਉਹ ਪਿੰਡ ਵਿੱਚ 5 ਮਿੰਟ ਵੀ ਨਹੀਂ ਰੁਕ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਅਕਾਲੀ ਨੇਤਾਵਾਂ ਦਾ ਇਹੀ ਵਤੀਰਾ ਰਿਹਾ ਤਾਂ ਉਨ੍ਹਾਂ ਦਾ ਹਰ ਥਾਂ ਤੇ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ, ਕਿਉਂਕਿ ਕਿਸਾਨ ਅੱਜ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜ੍ਹਾਈ ਲੜ ਰਹੇ ਹਨ, ਪਰ ਉਨ੍ਹਾਂ ਦੇ ਨਾਲ ਹੋਣ ਦਾ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਮੁਸ਼ਕਲ ਨਾਲ ਮੌਕਾ ਸੰਭਾਲਿਆ ਅਤੇ ਅਕਾਲੀ ਨੇਤਾਵਾਂ ਨੂੰ ਵਿਰੋਧ ਹੁੰਦਿਆਂ ਦੇਖ ਬਾਹਰ ਭੇਜਿਆ ਗਿਆ। ਇਸ ਮੌਕੇ ਕਿਸਾਨ ਆਗੂ ਹਰਦੇਵ ਸਿੰਘ ਬੁਰਜ ਰਾਠੀ, ਮਹਿੰਦਰ ਸਿੰਘ, ਅਮਰੀਕ ਸਿੰਘ, ਕਾਲਾ ਸਿੰਘ, ਸੇਮੀ ਸਿੰਘ, ਕੁਲਵੰਤ ਸਿੰਘ, ਤੇਜਾ ਸਿੰਘ, ਮਦਨ ਸ਼ਰਮਾ, ਅਜੈਬ ਸਿੰਘ ਆਦਿ ਹਾਜ਼ਰ ਸਨ।